ਬਿਹਾਰ ਵਿੱਚ ਇੱਕ ਵਾਰ ਫਿਰ ਸਿਆਸੀ ਤੂਫ਼ਾਨ ਦੇਖਣ ਨੂੰ ਮਿਲ ਰਿਹਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਨੂੰ ਪਿੱਛੇ ਛੱਡ ਕੇ RJD ਨਾਲ ਮਿਲ ਕੇ ਸੱਤਾ ‘ਤੇ ਕਾਬਜ਼ ਹੋਣ ਦੀ ਤਿਆਰੀ ਕਰ ਲਈ ਹੈ। ਬਿਹਾਰ ਵਿੱਚ ਆਏ ਇਸ ਸਿਆਸੀ ਭੂਚਾਲ ਦੇ ਸਪੱਸ਼ਟ ਕਾਰਨਾਂ ਬਾਰੇ ਕੁੱਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਪਰ ਜੇਕਰ ਦੇਖਿਆ ਜਾਵੇ ਤਾਂ 2010 ਤੋਂ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਕੀਤੀ ਜਾ ਰਹੀ ਮੰਗ ਅਤੇ 5 ਸਾਲ ਪਹਿਲਾਂ ਕੇਂਦਰ ਤੋਂ ਮੰਗੇ ਗਏ ਵਿਸ਼ੇਸ਼ ਪੈਕੇਜ ਨੂੰ ਨਜ਼ਰਅੰਦਾਜ਼ ਕਰਨਾ ਵੀ ਨਿਤੀਸ਼ ਦੇ ਇਸ ਕਦਮ ਦਾ ਕਾਰਨ ਹੋ ਸਕਦਾ ਹੈ।
ਜਨਤਾ ਦਲ (ਯੂਨਾਈਟਿਡ) ਦੇ ਨੇਤਾ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਰਾਜਪਾਲ ਫੱਗੂ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਬਿਹਾਰ ਵਿੱਚ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਸਰਕਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਨਿਤੀਸ਼ ਕੁਮਾਰ ਸਿੱਧੇ ਰਾਸ਼ਟਰੀ ਜਨਤਾ ਦਲ ਦੀ ਨੇਤਾ ਰਾਬੜੀ ਦੇਵੀ ਦੇ ਘਰ ਪਹੁੰਚੇ। ਇਸ ਦੌਰਾਨ ਤੇਜਸਵੀ ਯਾਦਵ ਵੀ ਮੌਜੂਦ ਸਨ। ਇੱਥੇ ਮੀਟਿੰਗ ਤੋਂ ਬਾਅਦ ਨਿਤੀਸ਼ ਅਤੇ ਤੇਜਸਵੀ ਪੈਦਲ ਮਾਰਚ ਕਰਦੇ ਹੋਏ ਵੱਖਰੇ ਰਸਤੇ ਪਹੁੰਚੇ। ਮਹਾਗਠਜੋੜ (ਆਰ.ਜੇ.ਡੀ., ਕਾਂਗਰਸ ਅਤੇ ਖੱਬੀਆਂ ਪਾਰਟੀਆਂ) ਵਿੱਚ ਸ਼ਾਮਿਲ ਆਗੂ ਇੱਥੇ ਮੌਜੂਦ ਸਨ। ਮੀਟਿੰਗ ਵਿੱਚ ਨਿਤੀਸ਼ ਕੁਮਾਰ ਨੂੰ ਮਹਾਂ ਗਠਜੋੜ ਦਾ ਆਗੂ ਚੁਣਿਆ ਗਿਆ।
ਇਸ ਤੋਂ ਬਾਅਦ ਨਿਤੀਸ਼ ਕੁਮਾਰ, ਤੇਜਸਵੀ ਯਾਦਵ ਅਤੇ ਲਾਲ ਸਿੰਘ ਉਸੇ ਗੱਡੀ ਵਿੱਚ ਰਾਜ ਭਵਨ ਪੁੱਜੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਨਵੀਂ ਸਰਕਾਰ ਵਿੱਚ ਤੇਜਸਵੀ ਯਾਦਵ ਉਪ ਮੁੱਖ ਮੰਤਰੀ ਹੋਣਗੇ। ਨਿਤੀਸ਼ ਨੇ 164 ਵਿਧਾਇਕਾਂ ਦੀ ਹਮਾਇਤ ਵਾਲਾ ਪੱਤਰ ਸੌਂਪਿਆ ਹੈ। ਇਨ੍ਹਾਂ ਵਿੱਚ 45 ਜੇਡੀਯੂ, 79 ਆਰਜੇਡੀ, 19 ਕਾਂਗਰਸ ਅਤੇ 21 ਹੋਰ ਵਿਧਾਇਕਾਂ ਦੇ ਨਾਂ ਸ਼ਾਮਿਲ ਹਨ।