ਪੈਰਿਸ ਓਲੰਪਿਕ 2024 ਵਿੱਚ ਸੋਮਵਾਰ (5 ਅਗਸਤ) ਨੂੰ ਭਾਰਤੀ ਪਹਿਲਵਾਨ ਨਿਸ਼ਾ ਦਹੀਆ ਦਾ ਇੱਕ ਵੱਖਰਾ ਜਨੂੰਨ ਦੇਖਣ ਨੂੰ ਮਿਲਿਆ। ਮਹਿਲਾ ਫਰੀਸਟਾਈਲ 68 ਕਿਲੋਗ੍ਰਾਮ ਦੇ ਕੁਆਰਟਰ ਫਾਈਨਲ ਵਿੱਚ ਨਿਸ਼ਾ ਦਾ ਸਾਹਮਣਾ ਉੱਤਰੀ ਕੋਰੀਆ ਦੀ ਪਹਿਲਵਾਨ ਪਾਕ ਸੋਲ ਗਮ ਨਾਲ ਸੀ। ਇਸ ਮੈਚ ‘ਚ ਇਕ ਸਮੇਂ ਨਿਸ਼ਾ 8-2 ਦੀ ਬੜ੍ਹਤ ਨਾਲ ਜਿੱਤ ਵੱਲ ਵੱਧ ਰਹੀ ਸੀ, ਪਰ ਇਸੇ ਦੌਰਾਨ ਉਸ ਦੇ ਮੋਢੇ ‘ਤੇ ਖਤਰਨਾਕ ਸੱਟ ਲੱਗ ਗਈ। ਸੱਟ ਮਗਰੋਂ ਨਿਸ਼ਾ ਲਈ ਹੱਥ ਚੁੱਕਣਾ ਵੀ ਮੁਸ਼ਕਿਲ ਸੀ, ਪਰ ਮੈਚ ਵਿੱਚ ਸਿਰਫ਼ 1 ਮਿੰਟ ਬਚਿਆ ਸੀ ਅਤੇ ਨਿਸ਼ਾ ਨੂੰ ਕਿਸੇ ਤਰ੍ਹਾਂ ਮੈਚ ਖ਼ਤਮ ਕਰਨਾ ਪਿਆ, ਕਿਉਂਕਿ ਲੀਡ ਪਹਿਲਾਂ ਹੀ ਬਣ ਚੁੱਕੀ ਸੀ। ਅਜਿਹੇ ‘ਚ ਨਿਸ਼ਾ ਰੋਣ ਲੱਗ ਪਈ ਅਤੇ ਹੰਝੂਆਂ ਨਾਲ ਉਹ ਸ਼ੇਰਨੀ ਵਾਂਗ ਫਿਰ ਤੋਂ ਖੜ੍ਹੀ ਹੋ ਗਈ ਅਤੇ ਲੜਨ ਲਈ ਤਿਆਰ ਨਜ਼ਰ ਆਈ।
ਪਰ ਉਸ ਦੇ ਮੋਢੇ ‘ਤੇ ਬੁਰੀ ਤਰ੍ਹਾਂ ਸੱਟ ਲੱਗ ਗਈ ਸੀ, ਇਸ ਲਈ ਕੋਰੀਆਈ ਪਹਿਲਵਾਨ ਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਜ਼ੋਰਦਾਰ ਮੂਵ ਬਣਾ ਕੇ 10-8 ਦੀ ਬੜ੍ਹਤ ਬਣਾ ਲਈ। ਇਸ ਤਰ੍ਹਾਂ ਨਿਸ਼ਾ ਇਹ ਮੈਚ ਹਾਰ ਗਈ। ਹਾਰ ਤੋਂ ਬਾਅਦ ਨਿਸ਼ਾ ਰੋਣ ਲੱਗ ਪਈ, ਜਿਸ ਦਾ ਵੀਡੀਓ ਵੀ ਵਾਇਰਲ ਹੋਇਆ ਹੈ। ਲੋਕ ਉਸ ਦੀ ਹਿੰਮਤ ਦੀ ਤਾਰੀਫ ਕਰ ਰਹੇ ਹਨ। ਪਰ ਨਿਸ਼ਾ ਨੂੰ ਅਜੇ ਵੀ ਇੱਕ ਮੌਕਾ ਮਿਲ ਸਕਦਾ ਹੈ। ਦਰਅਸਲ, ਨਿਸ਼ਾ ਦਹੀਆ ਨੂੰ ਹੁਣ ‘ਰੀਪੀਚ’ ਰਾਹੀਂ ਕਾਂਸੀ ਦਾ ਤਗ਼ਮਾ ਜਿੱਤਣ ਦਾ ਇੱਕ ਹੋਰ ਮੌਕਾ ਮਿਲ ਸਕਦਾ ਹੈ। ਪਰ ਇਸ ਦੇ ਲਈ ਨਿਸ਼ਾ ਨੂੰ ਹਰਾਉਣ ਵਾਲੀ ਉੱਤਰੀ ਕੋਰੀਆਈ ਪਹਿਲਵਾਨ ਪਾਕ ਸੋਲ ਗਮ ਨੂੰ ਫਾਈਨਲ ‘ਚ ਪਹੁੰਚਣਾ ਪਏਗਾ। ਜੇਕਰ ਪਾਕ ਸੋਲ ਗਮ ਮਹਿਲਾ ਫ੍ਰੀਸਟਾਈਲ 68 ਕਿਲੋਗ੍ਰਾਮ ਦੇ ਫਾਈਨਲ ‘ਚ ਪਹੁੰਚ ਜਾਂਦੀ ਹੈ ਤਾਂ ਨਿਸ਼ਾ ਨੂੰ ‘ਰੀਪੇਚੇਜ’ ਰਾਹੀਂ ਕਾਂਸੀ ਦੇ ਤਗਮੇ ਲਈ ਖੇਡਣ ਦਾ ਮੌਕਾ ਮਿਲੇਗਾ।