ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ । ਮੀਡੀਆ ਰਿਪੋਰਟਸ ਦੇ ਅਨੁਸਾਰ ਨਿਮਰਤ ਖਹਿਰਾ ਨੇ ਬਾਲੀਵੁੱਡ ਫ਼ਿਲਮ ਦਾ ਪ੍ਰੋਜੈਕਟ ਕਰਨ ਤੋਂ ਮਨਾ ਕਰ ਦਿੱਤਾ ਹੈ ਕਿਉਂਕਿ ਇਸ ਫ਼ਿਲਮ ਦਾ ਨਿਰਮਾਣ ਜ਼ੀ ਨਿਊਜ਼ ਦੀ ਕੰਪਨੀ ਕਰ ਰਹੀ ਸੀ, ਜਿਸ ’ਤੇ ਕਿਸਾਨ ਵਿਰੋਧੀ ਖ਼ਬਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ । ਰਿਪੋਰਟਸ ਮੁਤਾਬਿਕ ਨਿਮਰਤ ਖਹਿਰਾ ਨੂੰ ਬਾਲੀਵੁੱਡ ਫਿਲਮ ਗਦਰ 2 ਦੀ ਆਫਰ ਹੋਈ ਹੈ ਪਰ ਉਨ੍ਹਾਂ ਨੇ ਇਸ ਫ਼ਿਲਮ ਦਾ ਹਿੱਸਾ ਬਣਨ ਤੋਂ ਨਾਂਹ ਕਰ ਦਿੱਤੀ ਹੈ। ਇਹ ਫ਼ਿਲਮ ਬਲਾਕਬਸਟਰ ਫਿਲਮ ‘ਗਦਰ: ਏਕ ਪ੍ਰੇਮ ਕਥਾ’ ਦਾ ਅਧਿਕਾਰਕ ਸੀਕਵਲ ਹੈ ਜਿਸ ਵਿੱਚ ਸਨੀ ਦਿਓਲ ਅਤੇ ਅਮੀਸ਼ਾ ਪਟੇਲ ਮੁੱਖ ਕਿਰਦਾਰ ਵਿੱਚ ਨਜ਼ਰ ਆਏ ਸਨ ।
ਖ਼ਬਰਾਂ ਮੁਤਾਬਿਕ ਗਦਰ 2 ਵਿੱਚ ਸਨੀ ਦਿਓਲ ਮੁੱਖ ਭੂਮਿਕਾ ਨਿਭਾਉਣਗੇ। ਫਿਲਮ ਦੀ ਟੀਮ ਨੇ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਨਿਮਰਤ ਖਹਿਰਾ ਨਾਲ ਸੰਪਰਕ ਕੀਤਾ ਹੈ ਤੇ ਉਹ ਨਿਮਰਤ ਤੋਂ ਹਾਂ ਕਰਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਟੀਮ ਦਾ ਕਹਿਣਾ ਹੈ ਕਿ ਨਿਮਰਤ ਕਿਸਾਨਾਂ ਅਤੇ ਪੰਜਾਬ ਦੇ ਸਮਰਥਨ ਵਿੱਚ ਹਨ, ਇਸ ਲਈ ਉਹ ਜ਼ੀ ਸਟੂਡੀਓਜ਼ ਨਾਲ ਕਿਸੇ ਪ੍ਰੋਜੈਕਟ ‘ਤੇ ਦਸਤਖਤ ਨਹੀਂ ਕਰ ਰਹੇ ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ, ਜ਼ੀ ਨਿਊਜ਼ ਨੇ ਵਿਰੋਧ ਕਰ ਰਹੇ ਕਿਸਾਨਾਂ ਦੀ ਤੁਲਨਾ ਅੱਤਵਾਦੀਆਂ ਨਾਲ ਕੀਤੀ ਸੀ, ਇਸ ਲਈ ਸੰਗਠਨ ਨੂੰ ਪੰਜਾਬੀ ਉਦਯੋਗ ਅਤੇ ਦਰਸ਼ਕਾਂ ਦੋਵਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਦਰ 2 ਨਿਸ਼ਚਤ ਰੂਪ ਤੋਂ ਇੱਕ ਵੱਡਾ ਪ੍ਰੋਜੈਕਟ ਹੈ ਅਤੇ ਇਸ ਤਰ੍ਹਾਂ ਦੀ ਉਡੀਕੀ ਜਾ ਰਹੀ ਫਿਲਮ ਨੂੰ ਰੱਦ ਕਰਨਾ ਨਿਮਰਤ ਖਹਿਰਾ ਦਾ ਇੱਕ ਦਲੇਰਾਨਾ ਕਦਮ ਹੈ। ਨਿਮਰਤ ਖਹਿਰਾ ਦੀ ਗੱਲ ਕਰੀਏ ਤਾਂ ਉਸ ਨੇ ਕੁਝ ਫਿਲਮਾਂ ਵਿੱਚ ਭੂਮਿਕਾਵਾਂ ਨਿਭਾਈਆਂ ਹਨ ਪਰ ਲੀਡ ‘ਜੋੜੀ’ ਵਜੋਂ ਉਸਦੀ ਪਹਿਲੀ ਫਿਲਮ ਰਿਲੀਜ਼ ਲਈ ਕਤਾਰਬੱਧ ਹੈ ਜਿਸ ਵਿੱਚ ਉਸਦੇ ਨਾਲ ਦਿਲਜੀਤ ਦੋਸਾਂਝ ਹਨ।