ਬੀਤੇ ਸ਼ੁੱਕਰਵਾਰ (29 ਨਵੰਬਰ) ਨੂੰ ਉੱਤਰੀ ਨਾਈਜੀਰੀਆ ਦੀ ਨਾਈਜਰ ਨਦੀ ‘ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਨਾਈਜਰ ਨਦੀ ਦੇ ਕੰਢੇ ਇੱਕ ਕਿਸ਼ਤੀ ਪਲਟ ਗਈ। ਇਸ ਹਾਦਸੇ ‘ਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਲਾਪਤਾ ਹੋ ਗਏ, ਜਿਨ੍ਹਾਂ ‘ਚ ਜ਼ਿਆਦਾਤਰ ਔਰਤਾਂ ਸਨ। ਨਾਈਜਰ ਦੀ ਰਾਜ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਬੁਲਾਰੇ ਇਬਰਾਹਿਮ ਔਡੂ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਕਿਸ਼ਤੀ ਵਿੱਚ ਲਗਭਗ 200 ਯਾਤਰੀ ਸਵਾਰ ਸਨ। ਸਾਰੇ ਲੋਕ ਕੋਗੀ ਸੂਬੇ ਤੋਂ ਗੁਆਂਢੀ ਸੂਬੇ ਨਾਈਜਰ ਜਾ ਰਹੇ ਸਨ।
ਕੋਗੀ ਸਟੇਟ ਐਮਰਜੈਂਸੀ ਸਰਵਿਸਿਜ਼ ਦੇ ਬੁਲਾਰੇ ਸੈਂਡਰਾ ਮੋਸੇਸ ਦੇ ਅਨੁਸਾਰ, ਬਚਾਅ ਟੀਮਾਂ ਸ਼ੁੱਕਰਵਾਰ ਸ਼ਾਮ ਤੱਕ ਨਦੀ ਵਿੱਚੋਂ 27 ਲਾਸ਼ਾਂ ਨੂੰ ਕੱਢਣ ਵਿੱਚ ਕਾਮਯਾਬ ਰਹੀਆਂ, ਜਦੋਂ ਕਿ ਸਥਾਨਕ ਗੋਤਾਖੋਰ ਅਜੇ ਵੀ ਬਾਕੀਆਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੇ ਕਰੀਬ 12 ਘੰਟੇ ਬਾਅਦ ਤੱਕ ਕੋਈ ਜ਼ਿੰਦਾ ਵਿਅਕਤੀ ਨਹੀਂ ਮਿਲਿਆ।