ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ NIA ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸੰਮਨ ਜਾਰੀ ਕੀਤਾ ਹੈ। ਲਾਰੈਂਸ ਗੈਂਗ ਅਤੇ ਕਤਲ ਵਿੱਚ ਸ਼ਾਮਿਲ ਹੋਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਅਫਸਾਨਾ ਖਾਨ ਬੰਬੀਹਾ ਗੈਂਗ ਦੀ ਕਰੀਬੀ ਹੈ। ਅਫਸਾਨਾ ਦਾ ਬੰਬੀਹਾ ਗੈਂਗ ਨਾਲ ਕੀ ਸਬੰਧ ਹੈ ਅਤੇ ਅਫਸਾਨਾ ਨੇ ਬੰਬੀਹਾ ਗੈਂਗ ਨਾਲ ਕਿੰਨੀ ਵਾਰ ਗੱਲ ਕੀਤੀ, ਜਾਂਚ ਏਜੰਸੀਆਂ ਇਨ੍ਹਾਂ ਸਾਰੀਆਂ ਗੱਲਾਂ ‘ਤੇ ਕੰਮ ਕਰ ਰਹੀਆਂ ਹਨ। ਅਫਸਾਨਾ ਖਾਨ ਨੂੰ ਇਸ ਮਾਮਲੇ ‘ਚ ਤਲਬ ਕੀਤਾ ਗਿਆ ਹੈ।
ਦੱਸ ਦੇਈਏ ਕਿ ਮੂਸੇਵਾਲਾ ਕਤਲ ਕੇਸ ਦੀ ਜਾਂਚ ਐਨਆਈਏ ਕਰ ਰਹੀ ਹੈ। ਕਤਲ ਨਾਲ ਜੁੜੇ ਗੈਂਗਸਟਰਾਂ ‘ਤੇ ਲਗਾਤਾਰ ਛਾਪੇਮਾਰੀ ਜਾਰੀ ਹੈ। ਐਨਆਈਏ ਨੇ ਬਿਸ਼ਨੋਈ, ਬੰਬੀਹਾ ਅਤੇ ਰਿੰਦਾ ਗੈਂਗ ਦੇ ਮੈਂਬਰਾਂ ਸਮੇਤ ਕਈ ਲੋੜੀਂਦੇ ਗੈਂਗਸਟਰਾਂ ਵਿਰੁੱਧ ਛੇ ਤੋਂ ਵੱਧ ਕੇਸ ਦਰਜ ਕੀਤੇ ਹਨ। ਏਜੰਸੀ ਨੇ ਪਿਛਲੇ ਹਫ਼ਤੇ ਚਾਰ ਰਾਜਾਂ ਵਿੱਚ ਸਥਿਤ 52 ਤੋਂ ਵੱਧ ਸਥਾਨਾਂ ਦੀ ਤਲਾਸ਼ੀ ਲਈ ਸੀ।
ਇਸ ਤੋਂ ਪਹਿਲਾਂ 12 ਸਤੰਬਰ ਨੂੰ ਵੀ NIA ਨੇ 50 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ‘ਚ ਏਜੰਸੀ ਅਫਸਾਨਾ ਖਾਨ ਦੇ ਬੈਂਕ ਰਿਕਾਰਡ ਦੀ ਵੀ ਤਲਾਸ਼ੀ ਲੈ ਸਕਦੀ ਹੈ। ਸਿੱਧੂ ਅਫਸਾਨਾ ਨੂੰ ਆਪਣੀ ਭੈਣ ਮੰਨਦਾ ਸੀ ਅਤੇ ਉਸ ਤੋਂ ਰੱਖੜੀ ਵੀ ਬਨਵਾਉਂਦਾ ਸੀ। ਸੂਤਰਾਂ ਅਨੁਸਾਰ ਖਾਨ ਤੋਂ ਬੰਬੀਹਾ ਗੈਂਗ ਅਤੇ ਅਰਮੇਨੀਆ ਸਥਿਤ ਲੱਕੀ ਗੌਰਵ ਪਟਿਆਲ ਅਤੇ ਸੁਖਪ੍ਰੀਤ ਸਿੰਘ ਬੁੱਡਾ ਸਮੇਤ ਉਸ ਦੇ ਗੈਂਗ ਦੇ ਮੈਂਬਰਾਂ ਨਾਲ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।