ਲੁਧਿਆਣਾ ਜ਼ਿਲ੍ਹੇ ਦੇ ਅਦਾਲਤੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਮੁੱਖ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਐਨਆਈਏ ਨੇ ਕੁਆਲਾਲੰਪੁਰ ਤੋਂ ਭਾਰਤ ਵਾਪਿਸ ਆਉਂਦੇ ਸਮੇਂ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। NIA ਨੇ ਦੋਸ਼ੀ ‘ਤੇ 10 ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਸੀ। ਦੋਸ਼ੀ ਹਰਪ੍ਰੀਤ ਸਿੰਘ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਅੱਜ ਤੱਕ ਜਾਰੀ ਹੈ। ਇਸ ਦੇ ਨਾਲ ਹੀ ਉਸ ਦੇ ਖਿਲਾਫ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਚੁੱਕਿਆ ਹੈ।
ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਬਣਾਏ IED ਦੀ ਡਿਲਿਵਰੀ ਦਾ ਤਾਲਮੇਲ ਕੀਤਾ, ਜੋ ਪਾਕਿਸਤਾਨ ਤੋਂ ਉਸ ਦੇ ਅੱਤਵਾਦੀ ਸਾਥੀਆਂ ਦੁਆਰਾ ਭਾਰਤ ਭੇਜੇ ਗਏ ਸਨ। ਦੱਸ ਦੇਈਏ ਕਿ ਮੁਲਜ਼ਮ ਹਰਪ੍ਰੀਤ ਸਿੰਘ ਹੈਪੀ ਪਿੰਡ ਮੇਂਦੀਕਲਾ, ਅਜਨਾਲਾ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਹੋਏ ਬੰਬ ਧਮਾਕੇ ਵਿੱਚ ਇੱਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਦੀ ਵਰਤੋਂ ਕੀਤੀ ਗਈ ਸੀ। ਇਸ ਧਮਾਕੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ 6 ਹੋਰ ਜ਼ਖਮੀ ਹੋ ਗਏ ਸਨ। ਧਮਾਕੇ ਦੀ ਜਾਂਚ ਲਈ ਦਿੱਲੀ ਤੋਂ ਐਨਐਸਜੀ, ਐਨਆਈਏ ਅਤੇ ਨੈਸ਼ਨਲ ਬੰਬ ਡੇਟਾ ਸੈਂਟਰ ਦੀਆਂ ਟੀਮਾਂ ਮੌਕੇ ’ਤੇਪ ਪਹੁੰਚੀਆਂ ਸਨ। ਧਮਾਕੇ ਦੇ 10 ਘੰਟੇ ਬਾਅਦ ਰਾਤ 10.15 ਵਜੇ ਐਨਐਸਜੀ ਦੀ ਟੀਮ ਨੇ ਮਲਬੇ ਵਿੱਚ ਪਈ ਲਾਸ਼ ਨੂੰ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਸੀ।