ਪਿਛਲੇ ਕੁੱਝ ਸਮੇ ਤੋਂ ਨਿਊਜ਼ੀਲੈਂਡ ਵਾਸੀ ਮਹਿਗਾਈ ਦੀ ਮਾਰ ਝੱਲ ਰਹੇ ਹਨ। ਉੱਥੇ ਹੀ ਪਿਛਲੇ ਸਮੇਂ ਦੌਰਾਨ ਨਿਊਜ਼ੀਲੈਂਡ ਵਾਸੀਆਂ ਨੂੰ ਟੈਕਸਾਂ ‘ਚ ਵਾਧੇ ਦਾ ਬੋਝ ਝੱਲਣਾ ਪਿਆ ਹੈ। ਦਰਅਸਲ ਆਰਗੇਨਾਈਜੇਸ਼ਨ ਫਾਰ ਇਕਨਾਮਿਕ ਕਾਰਪੋਰੇਸ਼ਨ ਐਂਡ ਡਵੇਲਪਮੈਂਟ (ਓਈਸੀਡੀ) ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਅਨੁਸਾਰ ਬੀਤੇ ਸਾਲ ਵਿੱਚ ਨਿਊਜ਼ੀਲੈਂਡ ਨੂੰ ਦੁਨੀਆਂ ਦੇ ਸਭ ਤੋਂ ਉੱਨਤ ਦੇਸ਼ਾਂ ‘ਚ ਦੂਜੇ ਨੰਬਰ ‘ਤੇ ਸਭ ਤੋਂ ਜਿਆਦਾ ਟੈਕਸ ਵਿੱਚ ਵਾਧਾ ਝੱਲਣਾ ਪਿਆ ਹੈ। ਸਾਲ 2022 ਦੇ ਮੁਕਾਬਲੇ ਇਹ ਵਾਧਾ 4.5 ਫੀਸਦੀ ਸੀ ਤੇ ਸਿਰਫ ਆਸਟ੍ਰੇਲੀਆ ਹੀ 7.6% ਦਰ ਦੇ ਵਾਧੇ ਨਾਲ ਨਿਊਜੀਲੈਂਡ ਤੋਂ ਅੱਗੇ ਸੀ।
ਇਸ ਮਾਮਲੇ ਨੂੰ ਲੈ ਕੇ ਦੇਸ਼ ਦੇ ਅਸੋਸੀਏਟ ਫਾਇਨਾਂਸ ਮਨਿਸਟਰ ਡੇਵਿਡ ਸੀਮੌਰ ਨੇ ਪੋਸਟ ਸਾਂਝੀ ਕਰ ਕਿਹਾ ਕਿ ਪਿਛਲੀ ਸਰਕਾਰ ਦੀਆਂ ਅਜਿਹੀਆਂ ਗਲਤੀਆਂ ਨੂੰ ਸੁਧਾਰਨਾਂ ਹੀ ਸਾਡਾ ਕੰਮ ਹੈ ਤੇ ਇਸੇ ਲਈ ਮੌਜੂਦਾ ਸਰਕਾਰ ਫਾਲਤੂ ਦੇ ਖਰਚਿਆਂ ‘ਤੇ ਕਾਬੂ ਪਾਉਂਦਿਆਂ ਦੇਸ਼ ਵਾਸੀਆਂ ਲਈ ਟੈਕਸ ਵਿੱਚ ਕਟੌਤੀਆਂ ਤੇ ਕੋਸਟ ਆਫ ਲੀਵਿੰਗ ਨੂੰ ਕਾਬੂ ‘ਚ ਲਿਆਏਗੀ।