ਨਿਊਜ਼ੀਲੈਂਡ ਦੇ ਮਸ਼ਹੂਰ YouTuber ਕਾਰਲ ਰਾਕ ਨੇ ਇੱਕ ਟਵੀਟ ਵਿੱਚ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਨੇ ਉਸ ਦੇ ਭਾਰਤ ਆਉਣ ‘ਤੇ ਰੋਕ ਲਗਾ ਦਿੱਤੀ ਹੈ। ਕਾਰਲ ਨੇ ਕਿਹਾ ਕੇ ਉਸ ਨੂੰ ਬਲੈਕਲਿਸਟ ਸੂਚੀ ਵਿੱਚ ਪਾ ਦਿੱਤਾ ਗਿਆ ਹੈ। ਕਾਰਲ ਰਾਕ ਨੇ ਇਸ ਸਬੰਧ ਵਿੱਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੂੰ ਵੀ ਅਪੀਲ ਕੀਤੀ ਹੈ ਅਤੇ ਕਾਰਲ ਨੇ ਉਸ ਨੂੰ ਬਲੈਕਲਿਸਟ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਨੂੰ ਵਾਪਿਸ ਲੈਣ ਲਈ ਦਿੱਲੀ ਹਾਈ ਕੋਰਟ ਵਿੱਚ ਵੀ ਅਰਜ਼ੀ ਲਗਾਈ ਹੈ। ਉਸਨੇ ਜਨਤਕ ਸਹਾਇਤਾ ਪ੍ਰਾਪਤ ਕਰਨ ਲਈ ਇੱਕ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਹੈ।
ਕਾਰਲ ਰਾਕ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ, ਭਾਰਤ ਸਰਕਾਰ ਨੇ ਮੈਨੂੰ ਆਪਣੀ ਪਤਨੀ ਅਤੇ ਪਰਿਵਾਰ ਤੋਂ ਵੱਖ ਕਰਦਿਆਂ ਭਾਰਤ ਵਾਪਸ ਜਾਣ ਤੋਂ ਰੋਕ ਦਿੱਤਾ ਹੈ। ਮੇਰੀ ਪਤਨੀ ਦਾ ਨਾਮ ਮਨੀਸ਼ਾ ਮਲਿਕ ਹੈ ਅਤੇ ਸਾਡੀ ਮੁਲਾਕਾਤ ਅਕਤੂਬਰ 2014 ਵਿੱਚ ਦਿੱਲੀ ਵਿੱਚ ਹੋਈ ਸੀ। ਸਾਡਾ ਅਪ੍ਰੈਲ 2019 ਵਿੱਚ ਵਿਆਹ ਹੋਇਆ ਸੀ। ਅਕਤੂਬਰ 2020 ਵਿੱਚ ਮੈਂ ਦੁਬਈ ਅਤੇ ਪਾਕਿਸਤਾਨ ਜਾਣ ਲਈ ਭਾਰਤ ਛੱਡਿਆ ਸੀ। ਜਦੋਂ ਹੀ ਮੈਂ ਨਵੀਂ ਦਿੱਲੀ ਏਅਰਪੋਰਟ ਤੋਂ ਰਵਾਨਾ ਹੋਇਆ ਤਾਂ ਮੇਰਾ ਵੀਜ਼ਾ ਰੱਦ ਕਰ ਦਿੱਤਾ ਗਿਆ। ਮੈਨੂੰ ਵੀਜ਼ਾ ਰੱਦ ਕਰਨ ਦਾ ਕਾਰਨ ਨਹੀਂ ਦੱਸਿਆ ਗਿਆ ਸੀ। ਦੁਬਈ ਆਉਣ ਤੋਂ ਬਾਅਦ, ਮੈਂ ਦੁਬਾਰਾ ਵੀਜ਼ਾ ਲਈ ਅਰਜ਼ੀ ਦਿੱਤੀ। ਮੈਨੂੰ ਦੁਬਈ ਦੇ ਹਾਈ ਕਮਿਸ਼ਨ ਵਿੱਚ ਬੁਲਾਇਆ ਗਿਆ ਅਤੇ ਮੈਨੂੰ ਦੱਸਿਆ ਗਿਆ ਕਿ ਮੈਨੂੰ ਬਲੈਕਲਿਸਟ ਕੀਤਾ ਗਿਆ ਹੈ, ਇਸ ਲਈ ਮੈਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾ ਸਕਦਾ। ਉਦੋਂ ਤੋਂ ਅਸੀਂ ਇਸ ਮੁੱਦੇ ਨੂੰ ਸੁਲਝਾਉਣ ਵਿੱਚ ਲੱਗੇ ਹੋਏ ਹਾਂ।
ਉਨ੍ਹਾਂ ਕਿਹਾ ਮੈਂ ਗ੍ਰਹਿ ਮੰਤਰਾਲੇ ਨੂੰ ਕਈ ਪੱਤਰ ਭੇਜੇ ਹਨ। ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ। ਮਨੀਸ਼ਾ ਨੇ ਗ੍ਰਹਿ ਮੰਤਰਾਲੇ ਦੇ ਕਈ ਚੱਕਰ ਲਗਾਏ ਪਰ ਇਸ ਮੁੱਦੇ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਮੈਂ ਮਦਦ ਲਈ ਨਿਊਜ਼ੀਲੈਂਡ ਵਿਚਲੇ ਭਾਰਤੀ ਹਾਈ ਕਮਿਸ਼ਨ ਵਿੱਚ ਵੀ ਪਹੁੰਚ ਕੀਤੀ, ਪਰ ਉਥੇ ਵੀ ਕੁੱਝ ਨਹੀਂ ਹੋਇਆ। ਇਹ ਉਹ ਸਮਾਂ ਸੀ ਜਦੋਂ ਮਨੀਸ਼ਾ ਨੂੰ ਦੂਜੀ ਵਾਰ ਕੋਰੋਨਾ ਵਾਇਰਸ ਹੋਇਆ ਸੀ। ਉਸਨੂੰ ਮੇਰੀ ਜ਼ਰੂਰਤ ਸੀ, ਪਰ ਮੈਂ ਚਾਹੁੰਦਿਆਂ ਵੀ ਮਦਦ ਨਹੀਂ ਕਰ ਸਕਦਾ ਸੀ।
ਕਾਰਲ ਨੇ ਕਿਹਾ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰਹਿ ਸਕਦੇ ਹੋ। ਪਰ ਸੱਚ ਇਹ ਹੈ ਕਿ ਅਸੀਂ ਕਿਤੇ ਹੋਰ ਨਹੀਂ ਜਾਣਾ ਚਾਹੁੰਦੇ। ਅਸੀਂ ਭਾਰਤ ਨੂੰ ਪਿਆਰ ਕਰਦੇ ਹਾਂ ਅਤੇ ਭਾਰਤ ਵਿੱਚ ਰਹਿਣਾ ਚਾਹੁੰਦੇ ਹਾਂ। ਮੈਂ ਆਪਣੇ ਪਰਿਵਾਰ ਤੋਂ ਦੂਰ ਜ਼ਿੰਦਗੀ ਜੀ ਰਿਹਾ ਹਾਂ। ਇਹ ਬਹੁਤ ਔਖਾ ਹੈ। ਸ਼ੁਰੂ ਵਿੱਚ ਮੈਨੂੰ ਬਹੁਤ ਸਾਰੇ ਪੈਨਿਕ ਹਮਲੇ ਆਏ ਸਨ ਪਰ ਕੋਈ ਹੱਲ ਨਹੀਂ ਹੋਇਆ। ਪਰ ਹਰਿਆਣਵੀ ਪਰਿਵਾਰ ਤੋਂ ਮੈਂ ਦ੍ਰਿੜ ਰਹਿਣਾ ਸਿੱਖਿਆ ਹੈ ਅਤੇ ਅਸੀਂ ਲੜਾਂਗੇ ਅਤੇ ਭਾਰਤ ਪ੍ਰਤਾਗੇ। ਬਲੈਕਲਿਸਟ ਦੀ ਗੱਲ ਦਾ ਮੈਨੂੰ ਕੋਈ ਜਵਾਬ ਨਹੀਂ ਪਤਾ। ਕਈ ਮਹੀਨਿਆਂ ਤੋਂ ਸਰਕਾਰ ਵੱਲੋਂ ਜਵਾਬ ਨਾ ਮਿਲਣ ਤੋਂ ਬਾਅਦ, ਮੈਂ ਆਪਣਾ ਨਾਮ ਕਾਲੀ ਸੂਚੀ ਵਿੱਚੋਂ ਹਟਾਉਣ ਲਈ 9 ਜੁਲਾਈ ਨੂੰ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਰਿਹਾ ਹਾਂ। ਇਸਦੇ ਲਈ ਅਸੀਂ ਭਾਰਤੀ ਨਿਆਂ ਪ੍ਰਣਾਲੀ ਦੇ ਸ਼ੁਕਰਗੁਜ਼ਾਰ ਹਾਂ ਅਤੇ ਮੈਨੂੰ ਉਮੀਦ ਹੈ ਕਿ ਜਲਦੀ ਹੀ ਭਾਰਤ ਵਾਪਿਸ ਜਾਵਾਂਗਾ।
ਕਾਰਲ ਰਾਕ ਇੱਕ ਮਸ਼ਹੂਰ YouTuber ਹੈ। ਉਹ ਮੂਲ ਰੂਪ ਵਿੱਚ ਨਿਊਜ਼ੀਲੈਂਡ ਤੋਂ ਹੈ। ਕਾਰਲ ਨੇ ਦੁਨੀਆ ਦੇ ਕਈ ਦੇਸ਼ਾਂ ਦਾ ਦੌਰਾ ਕੀਤਾ ਹੈ। ਉਹ ਭਾਰਤ ਦੇ ਕਈ ਰਾਜਾਂ ਦਾ ਵੀ ਦੌਰਾ ਕਰ ਚੁੱਕਾ ਹੈ। ਪਿਛਲੇ ਸਾਲ ਜੁਲਾਈ 2020 ਵਿੱਚ ਕਾਰਲ ਨੇ ਦਿੱਲੀ ਵਿੱਚ ਬਣੇ ਪਲਾਜ਼ਮਾ ਬੈਂਕ ਵਿੱਚ ਪਲਾਜ਼ਮਾ ਵੀ ਦਾਨ ਕੀਤਾ ਸੀ। ਫਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਉਨ੍ਹਾਂ ਦਾ ਸਨਮਾਨ ਕੀਤਾ ਸੀ। ਕਾਰਲ ਰਾਕ ਵੀਡੀਓ ਬਣਾਉਂਦਾ ਹੈ ਅਤੇ ਚੀਜ਼ਾਂ ਨੂੰ ਦੁਨੀਆਂ ਨਾਲ ਸਾਂਝਾ ਕਰਦਾ ਹੈ। ਸੈਲਾਨੀਆਂ ਨੂੰ ਸੁਰੱਖਿਆ ਸੁਝਾਅ ਦਿੰਦਾ ਹੈ। ਅੰਗਰੇਜ਼ੀ ਦੇ ਨਾਲ-ਨਾਲ ਉਹ ਹਿੰਦੀ ਵੀ ਬੋਲਣੀ ਜਾਣਦਾ ਹੈ।