ਵੀਰਵਾਰ ਨੂੰ ਖੇਡੇ ਗਏ ਮੁਕਾਬਲੇ ‘ਚ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਇਸ ਜਿੱਤ ਤੋਂ ਬਾਅਦ ਕੀਵੀ ਟੀਮ ਨੇ ਸੈਮੀਫਾਈਨਲ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਉਥੇ ਹੀ ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਦੀਆਂ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ। ਇਸ ਜਿੱਤ ਤੋਂ ਬਾਅਦ ਨਿਊਜ਼ੀਲੈਂਡ ਦੇ 9 ਮੈਚਾਂ ‘ਚ 10 ਅੰਕ ਹੋ ਗਏ ਹਨ। ਨਿਊਜ਼ੀਲੈਂਡ ਦੀ ਟੀਮ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਹੈ।
ਨਿਊਜ਼ੀਲੈਂਡ ਨੂੰ ਜਿੱਤ ਲਈ 172 ਦੌੜਾਂ ਦਾ ਟੀਚਾ ਮਿਲਿਆ ਸੀ। ਨਿਊਜ਼ੀਲੈਂਡ ਨੇ ਟੀਚਾ 23.2 ਓਵਰਾਂ ‘ਚ 5 ਵਿਕਟਾਂ ‘ਤੇ ਹਾਸਿਲ ਕਰ ਲਿਆ। ਸ਼੍ਰੀਲੰਕਾ ਦੀਆਂ 171 ਦੌੜਾਂ ਦੇ ਜਵਾਬ ‘ਚ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਦੀ ਸ਼ੁਰੂਆਤ ਸ਼ਾਨਦਾਰ ਰਹੀ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡਵੇਨ ਕੋਨਵੇ ਅਤੇ ਰਚਿਨ ਰਵਿੰਦਰਾ ਨੇ ਪਹਿਲੀ ਵਿਕਟ ਲਈ 12.2 ਓਵਰਾਂ ਵਿੱਚ 86 ਦੌੜਾਂ ਜੋੜੀਆਂ। ਡਵੇਨ ਕੋਨਵੇ 42 ਗੇਂਦਾਂ ਵਿੱਚ 45 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਉਨ੍ਹਾਂ ਨੇ ਆਪਣੀ ਪਾਰੀ ‘ਚ 9 ਚੌਕੇ ਲਗਾਏ। ਡਵੇਨ ਕੋਨਵੇ ਨੂੰ ਦੁਸ਼ਮੰਥਾ ਚਮੀਰਾ ਨੇ ਆਊਟ ਕੀਤਾ।
ਹੁਣ ਗੱਲ ਕਰਦੇ ਹਾਂ ਸੈਮੀਫਾਈਨਲ ਮੁਕਾਬਲੇ ਦੀ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ‘ਚ ਨਿਊਜ਼ੀਲੈਂਡ ਦੀ ਟੀਮ ਇਕ ਵਾਰ ਫਿਰ ਭਾਰਤ ਨਾਲ ਭਿੜ ਸਕਦੀ ਹੈ। 2023 ਦੇ ਟੂਰਨਾਮੈਂਟ ਵਿੱਚ ਨਿਊਜ਼ੀਲੈਂਡ ਨੇ ਆਪਣੇ ਆਖਰੀ ਯਾਨੀ 9ਵੇਂ ਲੀਗ ਮੈਚ ਵਿੱਚ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਆਪਣੇ ਆਪ ਨੂੰ ਲਗਭਗ ਚੌਥੀ ਸੈਮੀਫਾਈਨਲ ਵਾਲੀ ਟੀਮ ਬਣਾ ਲਿਆ ਹੈ। ਹਾਲਾਂਕਿ ਫਿਲਹਾਲ ਪਾਕਿਸਤਾਨ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਸੈਮੀਫਾਈਨਲ ਦੀ ਦੌੜ ‘ਚ ਹਨ ਪਰ ਖਰਾਬ ਨੈੱਟ ਰਨ ਰੇਟ ਕਾਰਨ ਦੋਵਾਂ ‘ਚੋਂ ਕਿਸੇ ਦਾ ਵੀ ਕੁਆਲੀਫਾਈ ਕਰਨਾ ਸੰਭਵ ਨਹੀਂ ਜਾਪਦਾ।
ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਮੈਚ 15 ਅਕਤੂਬਰ ਬੁੱਧਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਸੰਦਰਭ ‘ਚ ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ। ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਮੇਜ਼ਬਾਨ ਭਾਰਤ ਪਹਿਲੇ ਨੰਬਰ ‘ਤੇ ਹੈ ਅਤੇ ਨਿਊਜ਼ੀਲੈਂਡ ਕੁਆਲੀਫਾਈ ਕਰਕੇ ਚੌਥੇ ਨੰਬਰ ‘ਤੇ ਆਵੇਗਾ। ਇਸ ਤਰ੍ਹਾਂ ਅਸੀਂ ਦੇਖਾਂਗੇ ਕਿ ਭਾਰਤੀ ਟੀਮ 2023 ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਕਪਤਾਨ ਰੋਹਿਤ ਸ਼ਰਮਾ ਦੇ ਘਰੇਲੂ ਮੈਦਾਨ ‘ਤੇ ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਨਿਊਜ਼ੀਲੈਂਡ ਖਿਲਾਫ ਖੇਡੇਗੀ।