ਟੀ-20 ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਦੀ ਟੀਮ ਨੂੰ ਸੈਮੀਫਾਈਨਲ ‘ਚ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ‘ਤੇ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਪਰ ਦੇਸ਼ ਦੇ ਪ੍ਰਸ਼ੰਸਕਾਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਉਹ ਫਿਰ ਤੋਂ ਵਿਸ਼ਵ ਚੈਂਪੀਅਨ ਬਣ ਗਿਆ ਹੈ। ਟੀ-20 ਵਿਸ਼ਵ ਚੈਂਪੀਅਨ ਨਹੀਂ ਬਲਕਿ ਰਗਬੀ ਚੈਂਪੀਅਨ। ਕੀਵੀ ਮਹਿਲਾ ਟੀਮ ਨੇ ਛੇਵੀਂ ਵਾਰ ਰਗਬੀ ਵਿਸ਼ਵ ਕੱਪ ਜਿੱਤਿਆ ਹੈ। ਨਿਊਜ਼ੀਲੈਂਡ ਇਸ ਵਾਰ ਮੇਜ਼ਬਾਨ ਸੀ ਅਤੇ ਉਸ ਨੇ ਆਪਣੇ ਘਰ ‘ਚ ਖਿਤਾਬ ਜਿੱਤ ਕੇ ਪ੍ਰਸ਼ੰਸਕਾਂ ਨੂੰ ਖੁਸ਼ ਹੋਣ ਦਾ ਵੱਡਾ ਮੌਕਾ ਦਿੱਤਾ ਹੈ। ਫਾਈਨਲ ਮੈਚ ਵਿੱਚ ਕੀਵੀ ਟੀਮ ਨੇ ਇੰਗਲੈਂਡ ਨੂੰ 34-31 ਨਾਲ ਹਰਾਇਆ। ਇਸ ਜਿੱਤ ਨੇ ਪਾਕਿਸਤਾਨ ਖ਼ਿਲਾਫ਼ ਨਿਊਜ਼ੀਲੈਂਡ ਦੀ ਸ਼ਰਮਨਾਕ ਹਾਰ ਦਾ ਦਰਦ ਜ਼ਰੂਰ ਘਟਾ ਦਿੱਤਾ ਹੋਵੇਗਾ।
ਇੰਗਲੈਂਡ ਦੀ ਟੀਮ ਨੂੰ ਜ਼ਿਆਦਾਤਰ ਮੈਚਾਂ ਲਈ 14 ਖਿਡਾਰੀਆਂ ਨਾਲ ਖੇਡਣਾ ਪਿਆ ਕਿਉਂਕਿ ਉਸ ਦੀ ਸਟਾਰ ਖਿਡਾਰਨ ਲੀਡੀਆ ਥੌਮਸਨ ਨੂੰ ਖ਼ਰਾਬ ਟੈਕਲ ਤੋਂ ਬਾਅਦ ਬਾਹਰ ਭੇਜ ਦਿੱਤਾ ਗਿਆ ਸੀ। ਹਾਲਾਂਕਿ ਇਹ ਟੀਮ ਆਖਰੀ 10 ਮਿੰਟਾਂ ‘ਚ ਅਜੇ ਵੀ ਦੋ ਅੰਕਾਂ ਦੀ ਲੀਡ ‘ਤੇ ਸੀ। ਨਿਊਜ਼ੀਲੈਂਡ ਖਿਲਾਫ ਮਿਲੀ ਹਾਰ ਤੋਂ ਬਾਅਦ ਇੰਗਲੈਂਡ ਦੇ ਖਿਡਾਰੀ ਕਾਫੀ ਨਿਰਾਸ਼ ਅਤੇ ਭਾਵੁਕ ਨਜ਼ਰ ਆਏ। ਇੰਗਲੈਂਡ ਇਸ ਟੂਰਨਾਮੈਂਟ ਵਿੱਚ ਜਿੱਤ ਦਾ ਸਭ ਤੋਂ ਵੱਡਾ ਦਾਅਵੇਦਾਰ ਸੀ। ਫਾਈਨਲ ਮੈਚ ਤੋਂ ਪਹਿਲਾਂ 30 ਮੈਚਾਂ ਤੱਕ ਉਨ੍ਹਾਂ ਦੀ ਜੇਤੂ ਮੁਹਿੰਮ ਚੱਲ ਰਹੀ ਸੀ, ਪਰ ਜਦੋਂ ਇਸਦੀ ਸਭ ਤੋਂ ਵੱਧ ਲੋੜ ਪਈ ਤਾਂ ਇਹ ਟੀਮ ਹਾਰ ਗਈ।
ਪਰ ਉੱਥੇ ਹੀ ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਟੀ-20 ਚੈਂਪੀਅਨ ਬਣਨ ਦਾ ਸੁਪਨਾ ਫਿਰ ਇੱਕ ਵਾਰ ਚਕਨਾਚੂਰ ਹੋ ਗਿਆ ਸੀ। ਪਿਛਲੇ ਸਾਲ ਟੀਮ ਫਾਈਨਲ ਵਿੱਚ ਪਹੁੰਚੀ ਸੀ ਪਰ ਆਸਟਰੇਲੀਆ ਤੋਂ ਹਾਰ ਗਈ ਸੀ। ਇਸ ਦੇ ਨਾਲ ਹੀ ਇਸ ਵਾਰ ਪਾਕਿਸਤਾਨ ਨੇ ਉਸ ਤੋਂ ਫਾਈਨਲ ਵਿਚ ਪਹੁੰਚਣ ਦਾ ਮੌਕਾ ਵੀ ਖੋਹ ਲਿਆ।