ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖਿਲਾਫ ਪੁਣੇ ਟੈਸਟ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੈਚ ‘ਚ ਭਾਰਤੀ ਟੀਮ ਨੂੰ ਜਿੱਤ ਲਈ 359 ਦੌੜਾਂ ਦਾ ਔਖਾ ਟੀਚਾ ਮਿਲਿਆ ਸੀ, ਜਿਸ ਦਾ ਪਿੱਛਾ ਉਹ ਸਫਲਤਾਪੂਰਵਕ ਨਹੀਂ ਕਰ ਸਕੀ। ਭਾਰਤੀ ਟੀਮ ਦੂਜੀ ਪਾਰੀ ਵਿੱਚ ਸਿਰਫ਼ 245 ਦੌੜਾਂ ਹੀ ਬਣਾ ਸਕੀ। ਇਹ ਮੈਚ ਤੀਜੇ ਦਿਨ (26 ਅਕਤੂਬਰ) ਨੂੰ ਸਮਾਪਤ ਹੋਇਆ ਹੈ। ਪੁਣੇ ਟੈਸਟ ਮੈਚ ‘ਚ ਹਾਰ ਦੇ ਨਾਲ ਹੀ ਭਾਰਤੀ ਟੀਮ ਟੈਸਟ ਸੀਰੀਜ਼ ਵੀ ਹਾਰ ਗਈ ਹੈ। ਨਿਊਜ਼ੀਲੈਂਡ ਦੀ ਟੀਮ ਪਹਿਲੀ ਵਾਰ ਭਾਰਤੀ ਧਰਤੀ ‘ਤੇ ਟੈਸਟ ਸੀਰੀਜ਼ ਜਿੱਤਣ ‘ਚ ਸਫਲ ਰਹੀ। ਇਸ ਤੋਂ ਪਹਿਲਾਂ ਭਾਰਤ ਨੂੰ ਬੈਂਗਲੁਰੂ ਟੈਸਟ ਮੈਚ ‘ਚ ਵੀ ਨਿਊਜ਼ੀਲੈਂਡ ਤੋਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤੀ ਟੀਮ 12 ਸਾਲ ਬਾਅਦ ਘਰੇਲੂ ਮੈਦਾਨ ‘ਤੇ ਟੈਸਟ ਸੀਰੀਜ਼ ਹਾਰੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਦਸੰਬਰ 2012 ‘ਚ ਇੰਗਲੈਂਡ ਖਿਲਾਫ ਚਾਰ ਮੈਚਾਂ ਦੀ ਟੈਸਟ ਸੀਰੀਜ਼ ‘ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਭਾਰਤ ਪਹਿਲੀ ਵਾਰ ਘਰੇਲੂ ਮੈਦਾਨ ‘ਤੇ ਟੈਸਟ ਸੀਰੀਜ਼ ਹਾਰਿਆ ਹੈ। ਜੇਕਰ ਦੇਖਿਆ ਜਾਵੇ ਤਾਂ ਭਾਰਤੀ ਟੀਮ ਦਾ ਘਰੇਲੂ ਮੈਦਾਨ ‘ਤੇ ਲਗਾਤਾਰ ਟੈਸਟ ਸੀਰੀਜ਼ ਜਿੱਤਣ ਦਾ ਸਿਲਸਿਲਾ ਵੀ ਰੁਕ ਗਿਆ। ਨਿਊਜ਼ੀਲੈਂਡ ਖਿਲਾਫ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੇ ਘਰੇਲੂ ਮੈਦਾਨ ‘ਤੇ ਲਗਾਤਾਰ 18 ਟੈਸਟ ਸੀਰੀਜ਼ ਜਿੱਤੀਆਂ ਸਨ।