ਪਹਿਲਾਂ ਮੀਂਹ, ਫਿਰ ਏਜਾਜ਼ ਪਟੇਲ ਦਾ ਕਹਿਰ, ਵਿਵਾਦਤ ਫੈਸਲਾ ਤੇ ਫਿਰ ਮਯੰਕ ਅਗਰਵਾਲ ਦਾ ਸੈਂਕੜਾ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੇ ਮੁੰਬਈ ਟੈਸਟ ਦਾ ਪਹਿਲਾ ਦਿਨ ਕੁੱਝ ਅਜਿਹਾ ਹੀ ਰਿਹਾ ਹੈ, ਜਿੱਥੇ ਸ਼ਾਨਦਾਰ ਗੇਂਦਬਾਜ਼ੀ, ਜੁਝਾਰੂ ਬੱਲੇਬਾਜ਼ੀ ਅਤੇ ਖਰਾਬ ਅੰਪਾਇਰਿੰਗ ਵਿਚਾਲੇ 5 ਸਾਲ ਬਾਅਦ ਵਾਨਖੇੜੇ ਸਟੇਡੀਅਮ ‘ਚ ਟੈਸਟ ਕ੍ਰਿਕਟ ਦੀ ਵਾਪਸੀ ਹੋਈ ਹੈ। ਕਾਨਪੁਰ ‘ਚ ਪਹਿਲਾ ਟੈਸਟ ਮੈਚ ਡਰਾਅ ਹੋਣ ਤੋਂ ਬਾਅਦ ਸ਼ੁੱਕਰਵਾਰ 3 ਦਸੰਬਰ ਨੂੰ ਸ਼ੁਰੂ ਹੋਏ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 4 ਵਿਕਟਾਂ ਦੇ ਨੁਕਸਾਨ ‘ਤੇ 221 ਦੌੜਾਂ ਬਣਾਈਆਂ ਹਨ।
ਟੀਮ ਇੰਡੀਆ ਨੂੰ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ (ਅਜੇਤੂ 120) ਨੇ ਸ਼ਾਨਦਾਰ ਸੈਂਕੜਾ ਲਗਾ ਕੇ ਇਸ ਮੁਕਾਮ ‘ਤੇ ਪਹੁੰਚਾਇਆ ਹੈ, ਉਥੇ ਹੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਵਾਪਸੀ ਵਿਵਾਦਪੂਰਨ ਫੈਸਲੇ ਕਾਰਨ ਨਿਰਾਸ਼ਾਜਨਕ ਰਹੀ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਲਈ ਖੱਬੇ ਹੱਥ ਦੇ ਸਪਿਨਰ ਏਜਾਜ਼ ਪਟੇਲ ਨੇ ਭਾਰਤੀ ਮੱਧਕ੍ਰਮ ‘ਤੇ ਆਪਣਾ ਦਬਦਬਾ ਦਿਖਾਉਂਦੇ ਹੋਏ ਦਿੱਗਜ ਖਿਡਾਰੀਆਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ ਹੈ। ਦੂਜੇ ਟੈਸਟ ਵਿੱਚ ਨਿਊਜ਼ੀਲੈਂਡ ਕਪਤਾਨ ਕੇਨ ਵਿਲੀਅਮਸਨ ਦੇ ਬਿਨਾਂ ਮੈਦਾਨ ‘ਤੇ ਉਤਰਿਆ ਹੈ, ਜੋ ਕੂਹਣੀ ਦੀ ਸਮੱਸਿਆ ਕਾਰਨ ਬਾਹਰ ਹੋ ਗਏ ਹਨ।