IPL 2024 ਦੀ ਸ਼ੁਰੂਆਤ ਕੁੱਝ ਦਿਨ ਪਹਿਲਾਂ ਹੀ ਹੋਈ ਹੈ, ਜਿਸ ਦੇ ਰੋਮਾਂਚਕ ਮੈਚਾਂ ਨੇ ਕ੍ਰਿਕਟ ਪ੍ਰੇਮੀਆਂ ਨੂੰ ਲਗਾਤਾਰ ਆਕਰਸ਼ਿਤ ਕੀਤਾ ਹੈ। ਪਰ ਕਰੀਬ 2 ਮਹੀਨੇ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ‘ਚ ਪਾਕਿਸਤਾਨ ਕ੍ਰਿਕਟ ਟੀਮ ਨਿਊਜ਼ੀਲੈਂਡ ਨਾਲ ਟੀ-20 ਸੀਰੀਜ਼ ਖੇਡਣ ਜਾ ਰਹੀ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੀ ਇਸ ਸੀਰੀਜ਼ ਨੂੰ ਤੈਅ ਕਰਨ ਪਿੱਛੇ ਮਕਸਦ ਟੀ-20 ਵਿਸ਼ਵ ਕੱਪ ਹੈ, ਜੋ 1 ਜੂਨ ਤੋਂ 29 ਜੂਨ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ‘ਚ ਖੇਡਿਆ ਜਾਵੇਗਾ। ਹਾਲਾਂਕਿ ਭਾਰਤ ਅਤੇ ਦੁਨੀਆ ਦੇ ਕਈ ਚੋਟੀ ਦੇ ਖਿਡਾਰੀ ਇਸ ਸਮੇਂ ਆਈਪੀਐਲ ਮੁਕਾਬਲਿਆਂ ਵਿੱਚ ਰੁੱਝੇ ਹੋਏ ਹਨ, ਪਰ ਪਾਕਿਸਤਾਨ ਕ੍ਰਿਕਟ ਟੀਮ ਇਸ ਦੌਰਾਨ ਵਿਸ਼ਵ ਕੱਪ ਜਿੱਤਣ ਦੀ ਤਿਆਰੀ ਕਰ ਰਹੀ ਹੈ।
ਪਰ ਨਿਊਜ਼ੀਲੈਂਡ ਦੇ ਕਈ ਖਿਡਾਰੀ ਵੀ ਆਈਪੀਐਲ 2024 ਵਿੱਚ ਖੇਡ ਰਹੇ ਹਨ, ਇਸ ਲਈ ਕਈ ਆਈਪੀਐਲ ਟੀਮਾਂ ਨੂੰ ਨੁਕਸਾਨ ਹੋ ਸਕਦਾ ਹੈ ਜੇਕਰ ਉਹ ਪਾਕਿਸਤਾਨ ਦੇ ਖਿਲਾਫ ਸੀਰੀਜ਼ ਵਿੱਚ ਚੁਣੇ ਜਾਂਦੇ ਹਨ। ਡੇਰਿਲ ਮਿਸ਼ੇਲ ਅਤੇ ਰਚਿਨ ਰਵਿੰਦਰ ਇਸ ਸਮੇਂ ਸੀਐਸਕੇ ਲਈ ਖੇਡ ਰਹੇ ਹਨ, ਜਦਕਿ ਕਪਤਾਨ ਕੇਨ ਵਿਲੀਅਮਸਨ ਗੁਜਰਾਤ ਟਾਈਟਨਸ ਟੀਮ ਦਾ ਹਿੱਸਾ ਹਨ। ਇਸ ਤੋਂ ਇਲਾਵਾ ਇਸ ਟੂਰਨਾਮੈਂਟ ‘ਚ ਕਈ ਕੀਵੀ ਕ੍ਰਿਕਟਰ ਖੇਡ ਰਹੇ ਹਨ, ਜਿਨ੍ਹਾਂ ਦੇ ਜਾਣ ਨਾਲ ਟੀਮਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।
ਦੱਸ ਦੇਈਏ ਅਪ੍ਰੈਲ ‘ਚ ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ ਦਾ ਦੌਰਾ ਕਰੇਗੀ ਅਤੇ ਉਨ੍ਹਾਂ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਇਹ 5 ਮੈਚ 18 ਤੋਂ 27 ਅਪ੍ਰੈਲ ਦਰਮਿਆਨ ਖੇਡੇ ਜਾਣਗੇ। ਨਿਊਜ਼ੀਲੈਂਡ ਦੀ ਟੀਮ 14 ਅਪ੍ਰੈਲ ਨੂੰ ਪਾਕਿਸਤਾਨ ਪਹੁੰਚੇਗੀ, ਜਿਸ ਨਾਲ ਦੋਵਾਂ ਟੀਮਾਂ ਨੂੰ ਅਭਿਆਸ ਲਈ ਕਾਫੀ ਸਮਾਂ ਮਿਲੇਗਾ। ਪਿਛਲੇ 17 ਮਹੀਨਿਆਂ ਵਿੱਚ ਇਹ ਤੀਜਾ ਮੌਕਾ ਹੋਵੇਗਾ ਜਦੋਂ ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ ਵਿੱਚ ਖੇਡਣ ਲਈ ਆਏਗੀ। ਆਗਾਮੀ ਟੀ-20 ਸੀਰੀਜ਼ ਦੇ ਪਹਿਲੇ 3 ਮੈਚ ਰਾਵਲਪਿੰਡੀ ‘ਚ ਅਤੇ ਬਾਕੀ ਦੇ 2 ਮੈਚ ਲਾਹੌਰ ‘ਚ ਖੇਡੇ ਜਾਣਗੇ।