ਨਿਊਜੀਲੈਂਡ ‘ਚ ਇਸ ਸਮੇਂ ਅਗਲੇ 3 ਦਿਨਾਂ ਦੇ ਲਈ ਲੌਕਡਾਊਨ ਲਾਗੂ ਹੋ ਗਿਆ ਹੈ। ਮੰਗਲਵਾਰ ਨੂੰ ਨਿਊਜ਼ੀਲੈਂਡ ਸਿਹਤ ਮੰਤਰਾਲੇ ਵੱਲੋ ਆਕਲੈਂਡ ਦੇ ਭਾਈਚਾਰੇ ਵਿੱਚ ਕੋਵਿਡ -19 ਦੇ ਇੱਕ ਕਮਿਊਨਿਟੀ ਕੇਸ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਐਲਾਨ ਕੀਤਾ ਕਿ ਕਮਿਊਨਿਟੀ ਵਿੱਚ ਕੋਵਿਡ -19 ਦੇ ਇੱਕ ਕੇਸ ਦਾ ਪਤਾ ਲੱਗਣ ਤੋਂ ਬਾਅਦ ਨਿਊਜੀਲੈਂਡ ਵਿੱਚ ਅਲਰਟ ਲੈਵਲ 4 ਲਾਗੂ ਹੋਵੇਗਾ। ਇਹ ਪਬੰਦੀਆਂ ਬੀਤੀ ਰਾਤ 11.59 ਵਜੇ ਤੋਂ ਲਾਗੂ ਹੋ ਚੁੱਕੀਆਂ ਹਨ ਅਤੇ ਅਗਲੇ 3 ਦਿਨਾਂ ਤੱਕ ਜਾਰੀ ਰਹਿਣਗੀਆਂ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਪਬੰਦੀਆਂ ਆਕਲੈਂਡ ਵਿੱਚ ਅਗਲੇ 7 ਦਿਨਾਂ ਲਈ ਅਤੇ ਦੇਸ਼ ਦੇ ਬਾਕੀ ਹਿੱਸਿਆਂ ਲਈ ਤਿੰਨ ਦਿਨ ਲਾਗੂ ਰਹਿਣਗੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ “ਡੈਲਟਾ ਨੂੰ ਗੇਮ ਚੇਂਜਰ ਕਿਹਾ ਗਿਆ ਹੈ ਅਤੇ ਇਸਦਾ ਮਤਲਬ ਇਹ ਹੈ ਕਿ ਸਾਨੂੰ ਇਸ ਨੂੰ ਫੈਲਣ ਤੋਂ ਰੋਕਣ ਲਈ ਦੁਬਾਰਾ ਸਖਤ ਪਬੰਦੀਆਂ ਲਾਗੂ ਕਰਨ ਅਤੇ ਜਲਦੀ ਲਾਗੂ ਕਰਨ ਦੀ ਜ਼ਰੂਰਤ ਹੈ।” ਨਿਊਜੀਲੈਂਡ ਦੇ ਲੋਕ ਜੋ ਉਨ੍ਹਾਂ ਥਾਵਾਂ ‘ਤੇ ਨਹੀਂ ਹਨ ਜਿੱਥੇ ਉਹ ਆਮ ਤੌਰ ‘ਤੇ ਰਹਿੰਦੇ ਹਨ ਭਾਵ ਆਪਣੇ ਘਰ, ਉਨ੍ਹਾਂ ਨੂੰ ਅਲਰਟ ਲੈਵਲ 4 ਦੇ ਅਧੀਨ ਘਰ ਜਾਣ ਲਈ ਦੋ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।