ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਦੂਜੇ ਵਨਡੇ ‘ਚ ਕੀਵੀਆਂ ਨੇ 79 ਦੌੜਾਂ ਨਾਲ ਇਕਤਰਫਾ ਜਿੱਤ ਦਰਜ ਕੀਤੀ ਹੈ। ਕਰਾਚੀ ‘ਚ ਖੇਡੇ ਗਏ ਮੈਚ ‘ਚ ਕੇਨ ਵਿਲੀਅਮਸਨ ਦੀ ਕਪਤਾਨੀ ‘ਚ ਨਿਊਜ਼ੀਲੈਂਡ ਦੀ ਟੀਮ ਨੇ 261 ਦੌੜਾਂ ਦੇ ਸਕੋਰ ਦਾ ਸਫਲਤਾਪੂਰਵਕ ਬਚਾਅ ਕੀਤਾ ਅਤੇ ਪਾਕਿਸਤਾਨ ਨੂੰ 182 ਦੌੜਾਂ ‘ਤੇ ਢੇਰ ਕਰ ਦਿੱਤਾ। ਨਿਊਜ਼ੀਲੈਂਡ ਦੀ ਟੀਮ ਨੇ ਸ਼ਾਨਦਾਰ ਜਿੱਤ ਦੇ ਨਾਲ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ 1-1 ਨਾਲ ਬਰਾਬਰੀ ਕਰ ਲਈ ਹੈ।
ਮੈਚ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੇ 262 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਉਨ੍ਹਾਂ ਦੀ ਸਲਾਮੀ ਜੋੜੀ 9 ਦੌੜਾਂ ਦੇ ਸਕੋਰ ‘ਤੇ ਪੈਵੇਲੀਅਨ ਪਰਤ ਗਈ।। ਕਪਤਾਨ ਬਾਬਰ ਆਜ਼ਮ ਨੇ ਹਾਲਾਂਕਿ ਮੁਹੰਮਦ ਰਿਜ਼ਵਾਨ ਨਾਲ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਤੀਜੇ ਵਿਕਟ ਲਈ 55 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ ਮਹਿਮਾਨ ਟੀਮ ਦੇ ਸਪਿਨ ਗੇਂਦਬਾਜ਼ ਮਿਸ਼ੇਲ ਸੈਂਟਨਰ ਨੇ ਰਿਜ਼ਵਾਨ ਨੂੰ 28 ਦੇ ਸਕੋਰ ‘ਤੇ ਬੋਲਡ ਕਰਕੇ ਨਿਊਜ਼ੀਲੈਂਡ ਨੂੰ ਵੱਡੀ ਕਾਮਯਾਬੀ ਦਿਵਾਈ। ਇਸ ਤੋਂ ਬਾਅਦ ਗਲੇਨ ਫਿਲਿਪਸ ਨੇ ਪਹਿਲਾਂ ਹੈਰਿਸ ਸੋਹੇਲ ਦੀਆਂ ਵਿਕਟਾਂ ਖਿਲਾਰ ਦਿੱਤੀਆਂ ਅਤੇ ਫਿਰ ਸ਼ਾਨਦਾਰ ਫੀਲਡਿੰਗ ਦੀ ਮਦਦ ਨਾਲ ਆਗਾ ਸਲਮਾਨ ਨੂੰ ਰਨ ਆਊਟ ਕੀਤਾ।
ਪਾਕਿਸਤਾਨ ਦੀ ਤਰਫੋਂ ਕਪਤਾਨ ਬਾਬਰ ਆਜ਼ਮ ਨੇ ਇੱਕ ਸਿਰੇ ‘ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ ਦੂਜੇ ਸਿਰੇ ‘ਤੇ ਉਸ ਨੂੰ ਕਿਸੇ ਵੀ ਖਿਡਾਰੀ ਦਾ ਸਾਥ ਨਹੀਂ ਮਿਲਿਆ ਅਤੇ ਪੂਰੀ ਪਾਕਿਸਤਾਨੀ ਟੀਮ 43 ਓਵਰਾਂ ‘ਚ ਹੀ ਢੇਰ ਹੋ ਗਈ। ਪਾਕਿਸਤਾਨ ਲਈ ਬਾਬਰ ਨੇ ਸਭ ਤੋਂ ਵੱਧ 79 ਦੌੜਾਂ ਬਣਾਈਆਂ। ਦੂਜੇ ਪਾਸੇ ਨਿਊਜ਼ੀਲੈਂਡ ਵੱਲੋਂ ਟਿਮ ਸਾਊਦੀ ਅਤੇ ਈਸ਼ ਸੋਢੀ ਨੇ 2-2 ਵਿਕਟਾਂ ਲਈਆਂ।