ਚੈਂਪੀਅਨਸ ਟਰਾਫੀ ਦੇ ਫਾਈਨਲ ‘ਚ ਟੀਮ ਇੰਡੀਆ ਹੱਥੋਂ ਮਿਲੀ ਹਾਰ ਤੋਂ ਬਾਅਦ ਨਿਊਜ਼ੀਲੈਂਡ ਨੇ ਘਰੇਲੂ ਟੀ-20 ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਕੀਵੀ ਟੀਮ ਨੇ ਇਹ ਸੀਰੀਜ਼ ਪਾਕਿਸਤਾਨ ਖਿਲਾਫ ਖੇਡਣੀ ਹੈ, ਜੋ 16 ਮਾਰਚ ਤੋਂ ਸ਼ੁਰੂ ਹੋਣੀ ਹੈ। ਟੀ-20 ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਦੀ ਕਪਤਾਨੀ ਮਾਈਕਲ ਬ੍ਰੇਸਵੇਲ ਨੂੰ ਸੌਂਪੀ ਗਈ ਹੈ। ਉਹ ਇਸ ਭੂਮਿਕਾ ਵਿੱਚ ਮਿਸ਼ੇਲ ਸੈਂਟਨਰ ਦੀ ਥਾਂ ਲੈਣਗੇ। ਮਿਸ਼ੇਲ ਸੈਂਟਨਰ ਨੇ ਪਿਛਲੇ ਸਾਲ ਦਸੰਬਰ ‘ਚ ਨਿਊਜ਼ੀਲੈਂਡ ਦੀ ਵਨਡੇ ਅਤੇ ਟੀ-20 ਟੀਮ ਦੀ ਕਮਾਨ ਸੰਭਾਲੀ ਸੀ। ਉਨ੍ਹਾਂ ਦੀ ਕਪਤਾਨੀ ‘ਚ ਕੀਵੀ ਟੀਮ ਨੇ ਚੈਂਪੀਅਨਸ ਟਰਾਫੀ ਵੀ ਖੇਡੀ ਸੀ। ਪਰ, ਉਸ ਆਈਸੀਸੀ ਟੂਰਨਾਮੈਂਟ ਦੇ ਫਾਈਨਲ ਵਿੱਚ ਹਾਰ ਤੋਂ ਬਾਅਦ, ਘਰੇਲੂ ਸੀਰੀਜ਼ ਦੀ ਟੀ-20 ਟੀਮ ਦੀ ਕਪਤਾਨੀ ਦੀ ਵਾਗਡੋਰ ਮਾਈਕਲ ਬ੍ਰੇਸਵੇਲ ਨੂੰ ਸੌਂਪ ਦਿੱਤੀ ਗਈ ਹੈ।
ਚੈਂਪੀਅਨਸ ਟਰਾਫੀ ਖੇਡਣ ਵਾਲੇ 8 ਖਿਡਾਰੀ ਪਾਕਿਸਤਾਨ ਖਿਲਾਫ ਘਰੇਲੂ ਟੀ-20 ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਦਾ ਹਿੱਸਾ ਨਹੀਂ ਬਣ ਸਕੇ ਹਨ। ਕਪਤਾਨ ਮਿਸ਼ੇਲ ਸੈਂਟਨਰ ਤੋਂ ਇਲਾਵਾ ਟਾਮ ਲੈਥਮ, ਕੇਨ ਵਿਲੀਅਮਸਨ, ਰਚਿਨ ਰਵਿੰਦਰਾ, ਡੇਵੋਨ ਕੋਨਵੇ, ਵਿਲ ਯੰਗ, ਨਾਥਨ ਸਮਿਥ ਅਤੇ ਜੈਕਬ ਡਫੀ ਦੇ ਨਾਂ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਖਿਡਾਰੀਆਂ ਦੇ ਪਾਕਿਸਤਾਨ ਖਿਲਾਫ ਨਾ ਖੇਡਣ ਦਾ ਵੱਡਾ ਕਾਰਨ 22 ਮਾਰਚ ਤੋਂ ਸ਼ੁਰੂ ਹੋਣ ਵਾਲਾ ਆਈ.ਪੀ.ਐੱਲ ਹੈ। ਇਨ੍ਹਾਂ ਖਿਡਾਰੀਆਂ ਦੇ ਬਾਹਰ ਹੋਣ ਕਾਰਨ ਈਸ਼ ਸੋਢੀ, ਬੇਨ ਸੀਅਰਜ਼ ਵਰਗੇ ਖਿਡਾਰੀ ਟੀਮ ਵਿੱਚ ਵਾਪਸੀ ਕਰਨ ਵਿੱਚ ਕਾਮਯਾਬ ਹੋਏ ਹਨ। ਹਾਲਾਂਕਿ ਬੈਨ ਸੀਅਰਸ ਨੂੰ ਵੀ ਚੈਂਪੀਅਨਸ ਟਰਾਫੀ ਲਈ ਚੁਣਿਆ ਗਿਆ ਸੀ, ਪਰ ਉਸ ਨੂੰ ਟੂਰਨਾਮੈਂਟ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਹੈਮਸਟ੍ਰਿੰਗ ਦੀ ਸੱਟ ਕਾਰਨ ਬਾਹਰ ਹੋਣਾ ਪਿਆ। ਹੁਣ ਉਹ ਉਸ ਸੱਟ ਤੋਂ ਉਭਰ ਆਇਆ ਹੈ।