8 ਅਗਸਤ ਨੂੰ ਖੇਡਾਂ ਦੇ ਮਹਾਂਕੁੰਭ ਯਾਨੀ ਕਿ ਓਲੰਪਿਕ ਦੀ ਸਮਾਪਤੀ ਹੋਈ ਹੈ। ਹਰ ਦੇਸ਼ ਦੇ ਖਿਡਾਰੀ ਦਾ ਓਲੰਪਿਕ ‘ਚ ਖੇਡਣ ਅਤੇ ਮੈਡਲ ਜਿੱਤਣ ਦਾ ਸੁਪਨਾ ਹੁੰਦਾ ਹੈ। ਪਰ ਇੰਨਾਂ ਖੇਡਾਂ ਦੀ ਸਮਾਪਤੀ ਤੋਂ ਬਾਅਦ ਨਿਊਜ਼ੀਲੈਂਡ ਦੇ ਖੇਡ ਪ੍ਰੇਮੀਆਂ ਲਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਦਰਅਸਲ ਓਲੰਪੀਅਨ ਸਾਈਕਲਿਸਟ ਓਲੀਵੀਆ ਪੋਡਮੋਰ ਦੀ 24 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਸੋਮਵਾਰ ਨੂੰ ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਸਾਈਕਲਿੰਗ ਭਾਈਚਾਰਾ ਹੈਰਾਨ ਰਹਿ ਗਿਆ ਹੈ, ਇਸ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਨੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਕੀਤੀ ਹੈ। ਓਲੀਵੀਆ ਦੇ ਭਰਾ ਮਿਸ਼ੇਲ ਪੋਡਮੋਰ ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰ ਕਿਹਾ : “ਮੇਰੀ ਖੂਬਸੂਰਤ ਭੈਣ ਅਤੇ ਫਿਲ ਪੋਡਮੋਰ ਦੀ ਪਿਆਰੀ ਧੀ Rest in peace । ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੋਗੇ।”
ਕੈਂਟਰਬਰੀ ਨਿਵਾਸੀ ਪੋਡਮੋਰ ਨੇ 2016 ਦੀ ਰੀਓ ਓਲੰਪਿਕ ਵਿੱਚ ਮਹਿਲਾ ਟੀਮ ਦੇ ਸਪ੍ਰਿੰਟ ਈਵੈਂਟ ਵਿੱਚ ਨਿਊਜ਼ੀਲੈਂਡ ਦੀ ਪ੍ਰਤੀਨਿਧਤਾ ਕੀਤੀ ਸੀ। ਹਾਲਾਂਕਿ ਇਸ ਵਾਰ ਉਹ ਟੋਕੀਓ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਨਿਊਜੀਲੈਂਡ ਓਲੰਪਿਕ ਕਮੇਟੀ ਅਤੇ ਸਾਈਕਲਿੰਗ ਨਿਊਜੀਲੈਂਡ ਵਲੋਂ ਪੋਡਮੋਰ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।