ਭਾਰਤ ਨੇ ਪਹਿਲੇ ਵਨਡੇ ਵਿੱਚ ਨਿਊਜ਼ੀਲੈਂਡ ਨੂੰ 10 ਦੌੜਾਂ ਨਾਲ ਹਰਾ ਦਿੱਤਾ ਹੈ। ਨਿਊਜ਼ੀਲੈਂਡ ਸਾਹਮਣੇ 350 ਦੌੜਾਂ ਦਾ ਟੀਚਾ ਸੀ ਪਰ ਕੀਵੀ ਟੀਮ 49.2 ਓਵਰਾਂ ‘ਚ 337 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਲਈ ਮਾਈਕਲ ਬ੍ਰੇਸਵੇਲ ਨੇ ਤੂਫਾਨੀ ਪਾਰੀ ਖੇਡੀ। ਮਾਈਕਲ ਬ੍ਰੇਸਵੈੱਲ 78 ਗੇਂਦਾਂ ‘ਤੇ 140 ਦੌੜਾਂ ਬਣਾ ਕੇ ਵਾਪਿਸ ਪਰਤਿਆ। ਬ੍ਰੇਸਵੈੱਲ ਨੇ ਆਪਣੀ ਪਾਰੀ ‘ਚ 12 ਚੌਕੇ ਅਤੇ 10 ਛੱਕੇ ਲਗਾਏ। ਇਸ ਤੋਂ ਇਲਾਵਾ ਮਿਸ਼ੇਲ ਸੈਂਟਨਰ ਨੇ 45 ਗੇਂਦਾਂ ‘ਤੇ 57 ਦੌੜਾਂ ਦੀ ਅਹਿਮ ਪਾਰੀ ਖੇਡੀ।
ਨਿਊਜ਼ੀਲੈਂਡ ਦੀ ਟੀਮ 131 ਦੌੜਾਂ ‘ਤੇ 6 ਵਿਕਟਾਂ ਗੁਆ ਕੇ ਸੰਘਰਸ਼ ਕਰ ਰਹੀ ਸੀ। ਉਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਕੀਵੀ ਟੀਮ ਆਸਾਨੀ ਨਾਲ ਮੈਚ ਹਾਰ ਜਾਵੇਗੀ ਪਰ ਮਾਈਕਲ ਬ੍ਰੇਸਵੈੱਲ ਅਤੇ ਮਿਸ਼ੇਲ ਸੈਂਟਨਰ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਮਾਈਕਲ ਬ੍ਰੇਸਵੈੱਲ ਅਤੇ ਮਿਸ਼ੇਲ ਸੈਂਟਨਰ ਵਿਚਾਲੇ 163 ਦੌੜਾਂ ਦੀ ਤੇਜ਼ ਸਾਂਝੇਦਾਰੀ ਹੋਈ। ਦੋਵਾਂ ਖਿਡਾਰੀਆਂ ਦੀ ਸਾਂਝੇਦਾਰੀ ਨੇ ਮੈਚ ਦਾ ਰੁਖ ਹੀ ਬਦਲ ਦਿੱਤਾ। ਹਾਲਾਂਕਿ ਭਾਰਤੀ ਗੇਂਦਬਾਜ਼ਾਂ ਨੇ ਡੈੱਥ ਓਵਰ ‘ਚ ਵਾਪਸੀ ਕੀਤੀ। ਇਸ ਤਰ੍ਹਾਂ ਟੀਮ ਇੰਡੀਆ ਨੇ ਪਹਿਲਾ ਮੈਚ 10 ਦੌੜਾਂ ਨਾਲ ਜਿੱਤ ਕੇ 3 ਵਨਡੇ ਸੀਰੀਜ਼ ‘ਚ 1-0 ਨਾਲ ਅੱਗੇ ਹੋ ਗਿਆ।
ਭਾਰਤੀ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਮੁਹੰਮਦ ਸਿਰਾਜ ਸਭ ਤੋਂ ਸਫਲ ਗੇਂਦਬਾਜ਼ ਰਹੇ। ਮੁਹੰਮਦ ਸਿਰਾਜ ਨੇ 10 ਓਵਰਾਂ ਵਿੱਚ 55 ਦੌੜਾਂ ਦੇ ਕੇ 4 ਖਿਡਾਰੀਆਂ ਨੂੰ ਆਊਟ ਕੀਤਾ। ਇਸ ਤੋਂ ਇਲਾਵਾ ਕੁਲਦੀਪ ਯਾਦਵ ਨੂੰ 2 ਸਫਲਤਾਵਾਂ ਮਿਲੀਆਂ ਹਨ। ਕੁਲਦੀਪ ਯਾਦਵ ਨੇ 8 ਓਵਰਾਂ ‘ਚ 43 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਦੇ ਨਾਲ ਹੀ ਸ਼ਾਰਦੁਲ ਠਾਕੁਰ ਨੂੰ ਵੀ 2 ਸਫਲਤਾਵਾਂ ਲਈਆਂ। ਇਸ ਤੋਂ ਇਲਾਵਾ ਮੁਹੰਮਦ ਸ਼ਮੀ ਨੇ 1 ਵਿਕਟ ਆਪਣੇ ਨਾਂ ਕੀਤੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਨਿਊਜ਼ੀਲੈਂਡ ਸਾਹਮਣੇ ਜਿੱਤ ਲਈ 350 ਦੌੜਾਂ ਦਾ ਟੀਚਾ ਰੱਖਿਆ ਸੀ। ਭਾਰਤ ਲਈ ਸ਼ੁਭਮਨ ਗਿੱਲ ਨੇ ਦੋਹਰਾ ਸੈਂਕੜਾ ਲਗਾਇਆ। ਸ਼ੁਭਮਨ ਗਿੱਲ 208 ਦੌੜਾਂ ਬਣਾ ਕੇ ਪੈਵੇਲੀਅਨ ਪਰਤਿਆ ਸੀ।