ਪਿਛਲੇ ਸਮੇ ਤੋਂ ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਕਾਫੀ ਜਿਆਦਾ ਚਰਚਾ ‘ਚ ਰਹੀ ਹੈ। ਇਸ ਸ਼੍ਰੇਣੀ ਤਹਿਤ ਵੀਜਾ ਲੈ ਕੇ ਨਿਊਜ਼ੀਲੈਂਡ ਆਉਣ ਵਾਲੇ ਜਿਆਦਾਤਰ ਪ੍ਰਵਾਸੀਆਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪਿਆ ਹੈ। ਕਈ ਤਾਂ ਆਰਥਿਕ ਦੇ ਨਾਲ-ਨਾਲ ਮਾਨਸਿਕ ਸੋਸ਼ਣ ਦਾ ਵੀ ਸ਼ਿਕਾਰ ਹੋਏ ਹਨ। ਪਰ ਹੁਣ ਹਿਊਮਨ ਰਾਈਟਸ ਕਮਿਸ਼ਨ ਨੇ ਇਸ ਨੂੰ ਲੈ ਕੇ ਸਖਤ ਅਲੋਚਨਾ ਕੀਤੀ ਹੈ। ਕਮਿਸ਼ਨ ਨੇ ਇਸ ਮਸਲੇ ਨੂੰ ਨਊਜ਼ੀਲੈਂਡ ਵਾਸੀਆਂ ਨੂੰ ਸ਼ਰਮਸਾਰ ਕਰਨ ਵਾਲਾ ਦੱਸਿਆ ਹੈ। ਵਿਭਾਗ ਨੇ ਰੀਵਿਊ ‘ਚ ਇਸ ਸਕੀਮ ਅਤੇ ਇਮੀਗ੍ਰੇਸ਼ਨ ਸਿਸਟਮ ‘ਚ ਜਰੂਰੀ ਬਦਲਾਅ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਨਿਊਜੀਲੈਂਡ ਆਉਣ ਵਾਲੇ ਪ੍ਰਵਾਸੀਆਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ। ਇੰਨਾਂ ਹੀ ਨਹੀਂ ਕਮਿਸ਼ਨ ਨੇ ਖਾਸਤੌਰ ‘ਤੇ ਐਕਰੀਡੇਟਡ ਵੀਜਾ ਪ੍ਰਣਾਲੀ ਨੂੰ ਮਨੁੱਖੀ ਤਸਕਰੀ ਦੇ ਵਾਧੇ ਦਾ ਕਾਰਨ ਦੱਸਿਆ ਹੈ ਤੇ ਕਿਹਾ ਕਿ ਇਸ ਨਾਲ ਪ੍ਰਵਾਸੀਆਂ ਦਾ ਸੋਸ਼ਣ ਵਧਿਆ ਹੈ ਤੇ ਇਸਨੂੰ ਆਧੁਨਿਕ ਦੌਰ ਦੀ ਗੁਲਾਮੀ ਦਾ ਕਾਰਨ ਦੱਸਿਆ ਹੈ। ਉਨ੍ਹਾਂ ਇਸ ਸ਼੍ਰੇਣੀ ‘ਚ ਇੱਕ ਖਾਸ ਇਮਪਲਾਇਰ ਨਾਲ ਜੁੜੇ ਵੀਜੇ ਨੂੰ ਖਤਮ ਕਰਨ ਲਈ ਵੀ ਕਿਹਾ ਹੈ।
