ਟੀ-20 ਵਿਸ਼ਵ ਕੱਪ 2021 ਦਾ ਫਾਈਨਲ ਮੈਚ 14 ਨਵੰਬਰ ਦਿਨ ਐਤਵਾਰ ਨੂੰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਕੀਵੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਸ਼ਾਨਦਾਰ ਫਾਰਮ ‘ਚ ਚੱਲ ਰਹੇ ਮੱਧਕ੍ਰਮ ਦੇ ਬੱਲੇਬਾਜ਼ ਡੇਵੋਨ ਕੋਨਵੇ ਹੱਥ ਦੀ ਸੱਟ ਕਾਰਨ ਫਾਈਨਲ ਮੈਚ ਤੋਂ ਬਾਹਰ ਹੋ ਗਏ ਹਨ। ਕੋਨਵੇ ਇਸ ਸੱਟ ਕਾਰਨ ਭਾਰਤ ਦੌਰੇ ਤੋਂ ਵੀ ਬਾਹਰ ਹੋ ਗਏ ਹਨ। ਖੱਬੇ ਹੱਥ ਦਾ ਵਿਸਫੋਟਕ ਬੱਲੇਬਾਜ਼ ਕੋਨਵੇ ਇੰਗਲੈਂਡ ਖਿਲਾਫ ਸੈਮੀਫਾਈਨਲ ਮੈਚ ‘ਚ ਜ਼ਖਮੀ ਹੋ ਗਿਆ ਸੀ। ਦੱਸ ਦਈਏ ਕਿ ਇੰਗਲੈਂਡ ਦੇ ਖਿਲਾਫ ਸੈਮੀਫਾਈਨਲ ਮੈਚ ‘ਚ ਨਿਊਜ਼ੀਲੈਂਡ ਦੀ ਜਿੱਤ ‘ਚ ਕੋਨਵੇ ਨੇ ਅਹਿਮ ਯੋਗਦਾਨ ਪਾਇਆ ਸੀ।
ਕੌਨਵੇ ਨੇ ਸਿਰਫ਼ 13 ਦੌੜਾਂ ‘ਤੇ ਦੋ ਵਿਕਟਾਂ ਡਿੱਗਣ ਤੋਂ ਬਾਅਦ 46 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੌਰਾਨ ਉਸ ਦੇ ਬੱਲੇ ਤੋਂ ਪੰਜ ਚੌਕੇ ਤੇ ਇੱਕ ਛੱਕਾ ਨਿਕਲਿਆ ਸੀ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਟੀਮ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੀ ਹੈ। ਇਸ ਦੇ ਨਾਲ ਹੀ ਆਸਟਰੇਲੀਆ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਆਪਣਾ ਦੂਜਾ ਫਾਈਨਲ ਖੇਡੇਗਾ। ਉਸ ਨੂੰ ਆਪਣੇ ਪਹਿਲੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦਾ ਮਤਲਬ ਹੈ ਕਿ ਸਾਨੂੰ ਇਸ ਵਾਰ ਨਵਾਂ ਚੈਂਪੀਅਨ ਮਿਲੇਗਾ। ਨਿਊਜ਼ੀਲੈਂਡ ਨੇ ਇਸ ਸਾਲ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਉਹ 2019 ਵਨਡੇ ਵਿਸ਼ਵ ਕੱਪ ‘ਚ ਉਪ ਜੇਤੂ ਰਹੀ ਸੀ।