ਨਿਊਜ਼ੀਲੈਂਡ ਕ੍ਰਿਕਟ ਟੀਮ ਲਈ ਇੱਕ ਖੁਸ਼ਖਬਰੀ ਹੈ। ਟੀਮ ਦੇ ਆਲਰਾਊਂਡਰ ਡੇਰਿਲ ਮਿਸ਼ੇਲ ਆਪਣੀ ਸੱਟ ਤੋਂ ਤੇਜ਼ੀ ਨਾਲ ਵਾਪਸੀ ਕਰ ਰਹੇ ਹਨ। ਟੀ-20 ਵਿਸ਼ਵ ਕੱਪ 2022 ਤੋਂ ਪਹਿਲਾਂ ਉਨ੍ਹਾਂ ਦੇ ਪੂਰੀ ਤਰ੍ਹਾਂ ਫਿੱਟ ਹੋਣ ਦੀ ਉਮੀਦ ਹੈ। ਉਹ ਟੀ-20 ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਦੇ ਪਹਿਲੇ ਮੈਚ ਦੇ ਪਲੇਇੰਗ-11 ਦਾ ਹਿੱਸਾ ਬਣ ਸਕਦੇ ਹਨ। ਨਿਊਜ਼ੀਲੈਂਡ ਦੀ ਟੀਮ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ 22 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਮੈਚ ਨਾਲ ਕਰੇਗੀ।
ਪਿਛਲੇ ਹਫ਼ਤੇ ਡੇਰਿਲ ਮਿਸ਼ੇਲ ਦੇ ਸੱਜੇ ਹੱਥ ਦੀ ਉਂਗਲੀ ਟੁੱਟ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨ ਅਤੇ ਬੰਗਲਾਦੇਸ਼ ਖਿਲਾਫ ਖੇਡੀ ਜਾ ਰਹੀ ਤਿਕੋਣੀ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਸੀ। ਹੁਣ ਤਾਜ਼ਾ ਸਕੈਨ ‘ਚ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਸੱਟ ਤੇਜ਼ੀ ਨਾਲ ਠੀਕ ਹੋ ਰਹੀ ਹੈ। ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਇੱਕ ਬਿਆਨ ‘ਚ ਕਿਹਾ, ‘ਸਾਨੂੰ ਉਮੀਦ ਹੈ ਕਿ ਉਹ ਪਹਿਲੇ ਮੈਚ ਲਈ ਉਪਲਬਧ ਹੋਵੇਗਾ। ਦੂਜੇ ਮੈਚ ਲਈ ਉਹ ਯਕੀਨੀ ਤੌਰ ‘ਤੇ ਟੀਮ ਨਾਲ ਜੁੜ ਜਾਵੇਗਾ। ਨਿਊਜ਼ੀਲੈਂਡ ਇਸ ਵਿਸ਼ਵ ਕੱਪ ‘ਚ ਆਪਣਾ ਦੂਜਾ ਮੈਚ 26 ਅਕਤੂਬਰ ਨੂੰ ਅਫਗਾਨਿਸਤਾਨ ਖਿਲਾਫ ਖੇਡੇਗਾ।”
ਪਿਛਲੇ ਸਾਲ ਟੀ-20 ਵਿਸ਼ਵ ਕੱਪ ‘ਚ ਡੇਰਿਲ ਮਿਸ਼ੇਲ ਨੇ ਆਪਣੀ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ ਸੀ। ਮਿਸ਼ੇਲ ਨੇ ਸੈਮੀਫਾਈਨਲ ਮੈਚ ‘ਚ ਇੰਗਲੈਂਡ ਖਿਲਾਫ ਯਾਦਗਾਰ ਪਾਰੀ ਖੇਡੀ ਸੀ। ਮਿਸ਼ੇਲਨੇ 47 ਗੇਂਦਾਂ ਵਿੱਚ 72 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ ਇੰਗਲੈਂਡ ਖ਼ਿਲਾਫ਼ 5 ਵਿਕਟਾਂ ਨਾਲ ਜਿੱਤ ਦਿਵਾਈ ਸੀ। ਹਾਲਾਂਕਿ ਫਾਈਨਲ ਮੈਚ ‘ਚ ਨਿਊਜ਼ੀਲੈਂਡ ਨੂੰ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।