ਭਾਰਤ ਦੇ ਕਿਸਾਨਾਂ ਤੋਂ ਬਾਅਦ ਹੁਣ ਨਿਊਜ਼ੀਲੈਂਡ ਦੇ ਕਿਸਾਨ ਵੀ ਸੜਕਾਂ ‘ਤੇ ਉੱਤਰ ਆਏ ਹਨ। ਐਤਵਾਰ ਨੂੰ ਨਿਊਜੀਲੈਂਡ ਦੇ ਕਿਸਾਨਾਂ ਨੇ ਤੀਜੀ ਵਾਰ ਆਪਣਾ ਰੋਸ ਜ਼ਾਹਰ ਕਰਦਿਆਂ ਪ੍ਰਦਰਸ਼ਨ ਕੀਤਾ ਹੈ। ਕਿਸਾਨਾਂ ਨੇ ਤਕਰੀਬਨ ਨਿਊਜ਼ੀਲੈਂਡ ਦੇ ਹਰ ਸ਼ਹਿਰ ਦੇ ਵਿੱਚ ਪ੍ਰਦਰਸ਼ਨ ਕੀਤਾ ਹੈ। ਆਕਲੈਂਡ ਵਿੱਚ ਵੀ ਐਤਵਾਰ ਨੂੰ ਕਿਸਾਨਾਂ ਨੇ ਟਰੈਕਟਰ ਅਤੇ ਗੱਡੀਆਂ ਦੇ ਨਾਲ ਸੜਕਾਂ ‘ਤੇ ਉੱਤਰ ਪ੍ਰਦਰਸ਼ਨ ਕੀਤਾ ਹੈ।
ਇਸ ਦੌਰਾਨ ਕਿਸਾਨਾਂ ਨੇ ਹਾਰਨ ਵਜਾ ਅਤੇ ਲਾਈਟਾਂ ਫਲੇਸ਼ ਕਰਦੇ ਹੋਏ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਕੁੱਝ ਟਰੈਕਟਰਾਂ ‘ਤੇ ਨਿਊਜ਼ੀਲੈਂਡ ਦੇ ਝੰਡੇ ਅਤੇ ਕਿਸਾਨਾਂ ਦੇ ਹਿੱਤਾਂ ਲਈ ਨੋ ਨੋ ਨੋ ਟੂ ਦਾ ਥ੍ਰੀ ਵਾਟਰਸ ਰਿਫਾਰਮ, ਨੋ ਯੂਟੀਈ ਅਤੇ ਐੱਫ ਐੱਫ ਐੱਸ ਵਰਗੇ ਨਾਅਰੇ ਵਾਲੇ ਸਾਈਨ ਬੋਰਡ ਲੱਗੇ ਹੋਏ ਸੀ। ਕਿਸਾਨਾਂ ਨੇ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਲਈ ਕਮਿਊਨਿਟੀ ਗਰੁੱਪਾਂ ਨੂੰ ਵੀ ਅਪੀਲ ਕੀਤੀ ਸੀ। ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਕਈ ਥਾਵਾਂ ‘ਤੇ ਟ੍ਰੈਫਿਕ ਜਾਮ ਵੀ ਦੇਖਣ ਨੂੰ ਮਿਲਿਆ।