ਨਿਊਜ਼ੀਲੈਂਡ ਕ੍ਰਿਕਟ ਬੋਰਡ (NZC) ਨੇ ਪੁਰਸ਼ ਅਤੇ ਮਹਿਲਾ ਖਿਡਾਰੀਆਂ ਦੀ ਤਨਖਾਹ ਬਰਾਬਰ ਕਰ ਦਿੱਤੀ ਹੈ। ਹੁਣ ਮਹਿਲਾ ਕ੍ਰਿਕਟਰਾਂ ਨੂੰ ਟੈਸਟ, ਵਨਡੇ ਅਤੇ ਟੀ-20 ਮੈਚਾਂ ਲਈ ਪੁਰਸ਼ ਕ੍ਰਿਕਟਰਾਂ ਦੇ ਬਰਾਬਰ ਫੀਸ ਮਿਲੇਗੀ। ਇਸ ਸਬੰਧੀ ਨਿਊਜ਼ੀਲੈਂਡ ਕ੍ਰਿਕਟ ਬੋਰਡ ਅਤੇ 6 ਵੱਡੀਆਂ ਐਸੋਸੀਏਸ਼ਨਾਂ ਵਿਚਾਲੇ ਸਮਝੌਤਾ ਵੀ ਹੋਇਆ ਹੈ। ਇਹ ਸਮਝੌਤਾ 5 ਸਾਲਾਂ ਲਈ ਹੋਵੇਗਾ। ਮਹਿਲਾ ਕ੍ਰਿਕਟਰਾਂ ਨੂੰ 1 ਅਗਸਤ ਤੋਂ ਨਵੇਂ ਨਿਯਮਾਂ ਤਹਿਤ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ।
ਨਵੇਂ ਨਿਯਮ ਦੇ ਲਾਗੂ ਹੋਣ ਤੋਂ ਬਾਅਦ, ਨਿਊਜ਼ੀਲੈਂਡ ਦੀਆਂ ਮਹਿਲਾ ਕ੍ਰਿਕਟਰਾਂ ਨੂੰ ਟੈਸਟ ਲਈ ਲਗਭਗ 5 ਲੱਖ ਰੁਪਏ, ਵਨਡੇ ਲਈ ਲਗਭਗ 1.96 ਲੱਖ ਰੁਪਏ ਅਤੇ ਟੀ-20 ਅੰਤਰਰਾਸ਼ਟਰੀ ਲਈ ਲਗਭਗ 1.25 ਲੱਖ ਰੁਪਏ ਮਿਲਣਗੇ। ਇਸ ਦੇ ਨਾਲ ਹੀ ਮਹਿਲਾ ਕ੍ਰਿਕਟਰਾਂ ਨੂੰ ਘਰੇਲੂ ਟੂਰਨਾਮੈਂਟਾਂ ਵਿੱਚ ਵੀ ਨਵੇਂ ਕਰਾਰ ਦਾ ਲਾਭ ਮਿਲੇਗਾ। ਪਲੰਕੇਟ ਸ਼ੀਲਡ ਲਈ ਲਗਭਗ 86 ਹਜ਼ਾਰ ਰੁਪਏ ਅਤੇ ਫੋਰਡ ਟਰਾਫੀ/ਹਾਲੀਬਰਟਨ ਜੌਹਨਸਟੋਨ ਸ਼ੀਲਡ ਦੇ ਮੈਚ ਲਈ ਲਗਭਗ 40 ਹਜ਼ਾਰ ਰੁਪਏ ਮਿਲਣਗੇ। ਕਪਤਾਨ ਸੋਫੀ ਡਿਵਾਈਨ ਨੇ ਕਿਹਾ ਕਿ ਇਹ ਸਮਝੌਤਾ ਮਹਿਲਾ ਕ੍ਰਿਕਟ ਲਈ ਗੇਮ ਚੇਂਜਰ ਹੋਵੇਗਾ। ਇਹ ਬਹੁਤ ਵਧੀਆ ਹੈ ਕਿ ਮਰਦਾਂ ਨਾਲ ਇੱਕੋ ਜਿਹੇ ਸਮਝੌਤੇ ਵਿੱਚ ਇੱਕੋ ਜਿਹੀ ਮਾਨਤਾ ਹੈ।