ਸਾਊਦੀ ਅਰਬ ਵਿਚ ਇਸ ਸਾਲ ਭਿਆਨਕ ਗਰਮੀ ਕਾਰਨ ਹੱਜ ਯਾਤਰਾ ਦੌਰਾਨ ਦੁਨੀਆ ਭਰ ਦੇ 900 ਤੋਂ ਵੱਧ ਹੱਜ ਯਾਤਰੀਆਂ ਦੀ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਿਕ ਇਸ ਸਾਲ ਦੀ ਹੱਜ ਯਾਤਰਾ ਅੱਤ ਦੀ ਗਰਮੀ ਅਤੇ ਖਰਾਬ ਮੌਸਮ ਕਾਰਨ ਚੁਣੌਤੀਪੂਰਨ ਸੀ, ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਹੁਣ ਵਿਦੇਸ਼ ਮੰਤਰਾਲੇ (MFAT) ਨੇ ਪੁਸ਼ਟੀ ਕੀਤੀ ਹੈ ਕਿ ਸਾਊਦੀ ਅਰਬ ਵਿੱਚ ਹੱਜ ਵਿੱਚ ਸ਼ਾਮਿਲ ਹੋਣ ਦੌਰਾਨ ਨਿਊਜ਼ੀਲੈਂਡ ਦੇ ਇੱਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ। ਇੱਕ ਬੁਲਾਰੇ ਨੇ ਬਿਆਨ ਵਿੱਚ ਕਿਹਾ ਕਿ, “MFAT ਇੱਕ ਨਿਊਜ਼ੀਲੈਂਡ ਦੇ ਨਾਗਰਿਕ ਬਾਰੇ ਜਾਣੂ ਹੈ ਜਿਸਦੀ ਇਸ ਸਾਲ ਮੱਕਾ ਵਿੱਚ ਹੱਜ ਵਿੱਚ ਸ਼ਾਮਿਲ ਹੋਣ ਦੌਰਾਨ ਮੌਤ ਹੋ ਗਈ ਹੈ। ਵਿਅਕਤੀ ਦੇ ਪਰਿਵਾਰ ਨੂੰ ਕੌਂਸਲਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।” ਇਸ ਦੌਰਾਨ ਇੱਕ ਆਸਟਰੇਲੀਆਈ ਨਾਗਰਿਕ ਦੀ ਵੀ ਮੌਤ ਹੋ ਗਈ ਹੈ, ਆਸਟਰੇਲੀਆ ਦੇ ਵਿਦੇਸ਼ੀ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਪੁਸ਼ਟੀ ਕੀਤੀ ਹੈ।
