ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਸੀਰੀਜ਼ ਦੇ ਪਹਿਲੇ ਟੈਸਟ ਮੈਚ ‘ਚ ਸ਼੍ਰੀਲੰਕਾ ਕ੍ਰਿਕਟ ਟੀਮ ਨੂੰ 2 ਵਿਕਟਾਂ ਨਾਲ ਹਰਾ ਦਿੱਤਾ ਹੈ। ਨਿਊਜ਼ੀਲੈਂਡ ਦੀ ਇਸ ਜਿੱਤ ਨਾਲ ਸ੍ਰੀਲੰਕਾ ਦਾ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ। ਨਿਊਜ਼ੀਲੈਂਡ ਦੀ ਇਸ ਜਿੱਤ ਨਾਲ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਲਗਾਤਾਰ ਦੂਜੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੀ ਹੈ।
ਕ੍ਰਾਈਸਟਚਰਚ ‘ਚ ਹੋਏ ਇਸ ਮੈਚ ‘ਚ ਕੇਨ ਵਿਲੀਅਮਸਨ ਨੇ ਨਿਊਜ਼ੀਲੈਂਡ ਲਈ ਦੂਜੀ ਪਾਰੀ ‘ਚ ਸੈਂਕੜਾ ਜੜਿਆ ਅਤੇ ਆਖਰੀ ਗੇਂਦ ‘ਤੇ ਆਪਣੀ ਟੀਮ ਨੂੰ ਜਿੱਤ ਦਿਵਾਈ। ਧੜਕਣਾਂ ਵਧਾਉਣ ਵਾਲੇ ਮੈਚ ਵਿੱਚ ਕੇਨ ਵਿਲੀਅਮਸਨ ਨੇ ਦੂਜੀ ਪਾਰੀ ਵਿੱਚ ਅਜੇਤੂ 121 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਲਈ ਡੇਰੇਲ ਮਿਸ਼ੇਲ ਨੇ 86 ਗੇਂਦਾਂ ‘ਚ 81 ਦੌੜਾਂ ਬਣਾਈਆਂ, ਜਿਸ ਨਾਲ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਤੋਂ ਮਿਲੇ 285 ਦੌੜਾਂ ਦੇ ਟੀਚੇ ਨੂੰ 2 ਵਿਕਟਾਂ ‘ਤੇ ਹਾਸਿਲ ਕਰ ਲਿਆ। ਇਸ ਮੈਚ ਦੀ ਆਖਰੀ ਗੇਂਦ ਤੱਕ ਪ੍ਰਸ਼ੰਸਕਾਂ ਨੂੰ ਸਾਹ ਰੋਕ ਕੇ ਰੱਖਣਾ ਪਿਆ ਕਿਉਂਕਿ ਨਿਊਜ਼ੀਲੈਂਡ ਨੂੰ ਜਿੱਤ ਲਈ ਆਖਰੀ ਗੇਂਦ ‘ਤੇ 1 ਰਨ ਦੀ ਲੋੜ ਸੀ ਅਤੇ ਆਖਰੀ ਰਨ ਬਾਏ ਰਾਹੀਂ ਮਿਲਿਆ ਸੀ।