ਚੈਂਪੀਅਨਸ ਟਰਾਫੀ 2025 ਦੇ ਦੂਜੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਦੀ ਟੀਮ ਨੇ ਦੱਖਣੀ ਅਫਰੀਕਾ ਨੂੰ 50 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਹੈ। ਇਸ ਦੇ ਨਾਲ NZ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਦੂਜੀ ਟੀਮ ਬਣ ਗਈ ਹੈ। ਇਸ ਦਾ ਮਤਲਬ ਹੈ ਕਿ 9 ਮਾਰਚ ਨੂੰ ਦੁਬਈ ‘ਚ ਹੋਣ ਵਾਲੇ ਟਾਈਟਲ ਮੈਚ ‘ਚ ਟੀਮ ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਚੈਂਪੀਅਨ ਬਣਨ ਦੀ ਜੰਗ ਹੋਵੇਗੀ। ਲਾਹੌਰ ‘ਚ 5 ਮਾਰਚ ਨੂੰ ਹੋਏ ਸੈਮੀਫਾਈਨਲ ‘ਚ ਕੀਵੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 363 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਦੀ ਟੀਮ 9 ਵਿਕਟਾਂ ਦੇ ਨੁਕਸਾਨ ‘ਤੇ 312 ਦੌੜਾਂ ਹੀ ਬਣਾ ਸਕੀ।
