ਦੱਖਣੀ ਅਫਰੀਕਾ ਵੱਲੋਂ ਨਿਊਜ਼ੀਲੈਂਡ ਦੇ ਸਾਹਮਣੇ ਪਹਿਲੇ ਟੈਸਟ ਵਿੱਚ ਸਰੈਂਡਰ ਦੇਖਣ ਨੂੰ ਮਿਲਿਆ ਹੈ। ਇਹੀ ਕਾਰਨ ਹੈ ਕਿ ਨਿਊਜ਼ੀਲੈਂਡ ਨੇ ਕ੍ਰਾਈਸਟਚਰਚ ਵਿੱਚ ਖੇਡੇ ਜਾ ਰਹੇ ਪਹਿਲੇ ਟੈਸਟ ਨੂੰ ਆਸਾਨੀ ਨਾਲ ਜਿੱਤ ਲਿਆ। ਮੇਜ਼ਬਾਨ ਟੀਮ ਨੇ ਇਹ ਟੈਸਟ ਮੈਚ ਇੱਕ ਪਾਰੀ ਅਤੇ 276 ਦੌੜਾਂ ਨਾਲ ਜਿੱਤਿਆ। ਕੀਵੀ ਟੀਮ ਨੂੰ ਇਹ ਟੈਸਟ ਮੈਚ ਜਿੱਤਣ ਲਈ ਜ਼ਿਆਦਾ ਕੁੱਝ ਨਹੀਂ ਕਰਨਾ ਪਿਆ। ਕਿਉਂਕਿ ਮਹਿਮਾਨ ਬਣ ਕੇ ਨਿਊਜ਼ੀਲੈਂਡ ਪਹੁੰਚੀ ਦੱਖਣੀ ਅਫ਼ਰੀਕਾ ਦੀ ਟੀਮ ਨੇ ਖੇਡ ਦੇ ਹਰ ਵਿਭਾਗ ਵਿੱਚ ਉਨ੍ਹਾਂ ਅੱਗੇ ਸਰੈਂਡਰ ਕਰ ਦਿੱਤਾ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ 2 ਟੈਸਟ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ।
ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ‘ਚ ਦੱਖਣੀ ਅਫਰੀਕਾ ਦੀ ਹਾਰ ਦਾ ਫੈਸਲਾ ਉਸ ਦੀ ਪਹਿਲੀ ਪਾਰੀ ਤੋਂ ਬਾਅਦ ਹੀ ਹੋ ਗਿਆ, ਜਿਸ ‘ਚ ਪੂਰੀ ਟੀਮ ਸਿਰਫ 95 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਅਜਿਹਾ 1932 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਜਦੋਂ ਦੱਖਣੀ ਅਫਰੀਕਾ ਦੀ ਟੀਮ ਟੈਸਟ ਮੈਚ ਦੀ ਇੱਕ ਪਾਰੀ ਵਿੱਚ 100 ਦੌੜਾਂ ‘ਤੇ ਸਿਮਟ ਗਈ ਸੀ। ਇਕੱਲੇ 7 ਵਿਕਟਾਂ ਲੈਣ ਵਾਲੇ ਕੀਵੀ ਤੇਜ਼ ਗੇਂਦਬਾਜ਼ ਮੈਟ ਹੈਨਰੀ ਦੀ ਪਹਿਲੀ ਪਾਰੀ ‘ਚ ਦੱਖਣੀ ਅਫਰੀਕਾ ਨੂੰ 100 ਦੌੜਾਂ ਤੋਂ ਪਹਿਲਾ ਰੋਕਣ ‘ਚ ਵੱਡੀ ਭੂਮਿਕਾ ਰਹੀ।