ਨਿਊਜ਼ੀਲੈਂਡ ਨੇ 5 ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੀ-20 ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ 46 ਦੌੜਾਂ ਨਾਲ ਹਰਾ ਦਿੱਤਾ ਹੈ। ਆਕਲੈਂਡ ‘ਚ ਖੇਡੇ ਗਏ ਇਸ ਮੈਚ ‘ਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਦੇ ਨੁਕਸਾਨ ‘ਤੇ 226 ਦੌੜਾਂ ਬਣਾਈਆਂ ਅਤੇ ਫਿਰ ਪਾਕਿਸਤਾਨੀ ਟੀਮ ਨੂੰ 180 ਦੌੜਾਂ ‘ਤੇ ਆਲ ਆਊਟ ਕਰਕੇ ਮੈਚ ਜਿੱਤ ਲਿਆ। ਪਾਕਿਸਤਾਨ ਲਈ ਸਾਬਕਾ ਕਪਤਾਨ ਬਾਬਰ ਆਜ਼ਮ ਨੇ ਸਭ ਤੋਂ ਵੱਧ 57 ਦੌੜਾਂ ਦੀ ਪਾਰੀ ਖੇਡੀ, ਪਰ ਉਹ ਟੀਮ ਦੀ ਇੱਜ਼ਤ ਨਹੀਂ ਬਚਾ ਸਕੇ। ਕੀਵੀ ਟੀਮ ਲਈ ਟਿਮ ਸਾਊਦੀ ਨੇ 25 ਦੌੜਾਂ ਦੇ ਕੇ ਸਭ ਤੋਂ ਵੱਧ 4 ਵਿਕਟਾਂ ਲਈਆਂ ਜਦਕਿ ਐਡਮ ਮਿਲਨੇ ਅਤੇ ਬੇਨ ਸੀਅਰਜ਼ ਨੇ 2-2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਟੀਮ ਆਸਟਰੇਲੀਆ ਗਈ ਸੀ, ਜਿੱਥੇ ਉਸ ਨੂੰ ਟੈਸਟ ਸੀਰੀਜ਼ ਦੇ ਸਾਰੇ ਮੈਚ ਹਾਰਨੇ ਪਏ ਸਨ।
