ਐਡੀਲੇਡ ਓਵਲ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ 2022 ਦੇ 37ਵੇਂ ਮੈਚ ‘ਚ ਨਿਊਜ਼ੀਲੈਂਡ ਨੇ ਆਇਰਲੈਂਡ ਨੂੰ 35 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦਾ ਅੰਕ ਸੂਚੀ ਵਿੱਚ ਸਿਖਰ ‘ਤੇ ਹੋਣਾ ਵੀ ਪੱਕਾ ਮੰਨਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਪਹਿਲਾਂ ਖੇਡਦਿਆਂ ਕੇਨ ਵਿਲੀਅਮਸਨ (61) ਦੀ ਤੂਫਾਨੀ ਪਾਰੀ ਦੀ ਬਦੌਲਤ 20 ਓਵਰਾਂ ‘ਚ 6 ਵਿਕਟਾਂ ‘ਤੇ 185 ਦੌੜਾਂ ਬਣਾਈਆਂ ਸਨ। ਜਵਾਬ ‘ਚ ਆਇਰਲੈਂਡ ਦੀ ਟੀਮ ਨਿਰਧਾਰਤ ਓਵਰਾਂ ‘ਚ 9 ਵਿਕਟਾਂ ‘ਤੇ 150 ਦੌੜਾਂ ਹੀ ਬਣਾ ਸਕੀ। ਦੋਵਾਂ ਟੀਮਾਂ ਦਾ ਇਹ ਸੁਪਰ-12 ਦਾ ਆਖਰੀ ਮੈਚ ਸੀ।
186 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਆਇਰਲੈਂਡ ਦੀ ਟੀਮ ਨੂੰ ਪਾਲ ਸਟਰਲਿੰਗ ਅਤੇ ਕਪਤਾਨ ਐਂਡਰਿਊ ਬਲਬੀਰਨੀ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 8.1 ਓਵਰਾਂ ਵਿੱਚ 68 ਦੌੜਾਂ ਜੋੜੀਆਂ। ਬਲਬੀਰਨੀ 25 ਗੇਂਦਾਂ ਵਿੱਚ 30 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਨਿਊਜ਼ੀਲੈਂਡ ਲਈ ਤੇਜ਼ ਗੇਂਦਬਾਜ਼ ਲਾਕੀ ਫਰਗੂਸਨ ਨੇ ਆਪਣੇ ਚਾਰ ਓਵਰਾਂ ‘ਚ ਸਿਰਫ 22 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਈਸ਼ ਸੋਢੀ, ਮਿਸ਼ੇਲ ਸੈਂਟਨਰ ਅਤੇ ਟਿਮ ਸਾਊਦੀ ਨੇ ਦੋ-ਦੋ ਵਿਕਟਾਂ ਲਈਆਂ।