ਨਿਊਜ਼ੀਲੈਂਡ ਨੇ ਵੈਲਿੰਗਟਨ ਟੈਸਟ ਨੂੰ ਰੋਮਾਂਚਕ ਅੰਦਾਜ ਨਾਲ ਜਿੱਤ ਲਿਆ ਹੈ। ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਸਿਰਫ਼ 1 ਦੌੜ ਨਾਲ ਹਰਾਇਆ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਡਰਾਅ ਹੋ ਗਈ ਹੈ। ਟਿਮ ਸਾਊਦੀ ਦੀ ਕਪਤਾਨੀ ‘ਚ ਨਿਊਜ਼ੀਲੈਂਡ ਦੀ ਹੁਣ ਤੱਕ ਇਹ ਇਕਲੌਤੀ ਜਿੱਤ ਹੈ। ਇਸ ਦੇ ਨਾਲ ਹੀ ਬੇਨ ਸਟੋਕਸ ਦੀ ਕਮਾਨ ਹੇਠ ਇੰਗਲੈਂਡ ਨੂੰ 13 ਟੈਸਟਾਂ ਵਿੱਚ ਤੀਜੀ ਹਾਰ ਮਿਲੀ।
ਨਿਊਜ਼ੀਲੈਂਡ ਨੇ ਵੈਲਿੰਗਟਨ ਟੈਸਟ ਜਿੱਤਣ ਲਈ ਇੰਗਲੈਂਡ ਦੇ ਸਾਹਮਣੇ 258 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਉਹ 256 ਦੌੜਾਂ ਹੀ ਬਣਾ ਸਕੀ। ਪੂਰੇ ਮੈਚ ‘ਚ ਇੰਗਲੈਂਡ ਦਾ ਬੋਲਬਾਲਾ ਰਿਹਾ। ਪਰ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਤੱਕ ਖੇਡ ਖਤਮ ਨਹੀਂ ਹੁੰਦੀ ਉਦੋਂ ਤੱਕ ਕ੍ਰਿਕਟ ਵਿੱਚ ਕੁੱਝ ਵੀ ਖਤਮ ਨਹੀਂ ਹੁੰਦਾ। ਇਸ ਖੇਡ ਦਾ ਇਹੀ ਰੋਮਾਂਚਕ ਅੰਦਾਜ਼ ਵੈਲਿੰਗਟਨ ਟੈਸਟ ‘ਚ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ 1993 ‘ਚ ਵੈਸਟਇੰਡੀਜ਼ ਨੇ ਐਡੀਲੇਡ ਟੈਸਟ ‘ਚ ਆਸਟ੍ਰੇਲੀਆ ਨੂੰ 1 ਦੌੜਾਂ ਨਾਲ ਹਰਾਇਆ ਸੀ। 30 ਸਾਲ ਬਾਅਦ ਨਿਊਜ਼ੀਲੈਂਡ ਨੇ ਇਹ ਕਰਿਸ਼ਮਾ ਕੀਤਾ ਹੈ।