ਨਿਊਜ਼ੀਲੈਂਡ ਦੇ ਗਵਾਂਢੀ ਦੇਸ਼ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਖੇ 23 ਅਪ੍ਰੈਲ ਤੋਂ 30 ਅਪ੍ਰੈਲ ਤੱਕ 18 ਵੀਂਆਂ ਮਾਸਟਰਜ਼ ਗੇਮਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿੱਥੋਂ ਨਿਊਜ਼ੀਲੈਂਡ ਵਸਦੇ ਸਮੁੱਚੇ ਭਾਰਤੀ ਭਾਈਚਾਰੇ ਲਈ ਇੱਕ ਖੁਸ਼ੀ ਅਤੇ ਮਾਣ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਨਿਊਜ਼ੀਲੈਂਡ ਦੇ ਬਜ਼ੁਰਗ ਐਥਲੀਟ ਜਗਜੀਤ ਸਿੰਘ ਕਥੂਰੀਆਂ ਜਿਨ੍ਹਾਂ ਦੀ ਉਮਰ 84 ਸਾਲ ਹੈ ਉਨ੍ਹਾਂ ਨੇ 12 ਮੈਡਲ ਜਿੱਤ ਕੇ ਪੂਰੇ ਵਿਸ਼ਵ ‘ਚ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਹਾਲਾਂਕਿ ਜਗਜੀਤ ਸਿੰਘ ਕਥੂਰੀਆਂ ਪਹਿਲਾਂ ਵੀ ਮਾਸਟਰ ਗੇਮਾਂ ਦੇ ਵਿਚ ਭਾਗ ਲੈ ਕੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤਦੇ ਰਹੇ ਹਨ, ਨੇ ਪਰ ਇਸ ਵਾਰ ਉਨ੍ਹਾਂ ਨੇ ਆਪਣੇ ਆਪ ਨੂੰ ਗੋਲਡਨ ਬਾਬਾ ਸਾਬਿਤ ਕਰ ਦਿੱਤਾ ਹੈ ਅਤੇ ਆਪਣੇ ਨਿੱਜੀ ਸ਼ੌਕ ਦੇ ਨਾਲ ਨਿਊਜ਼ੀਲੈਂਡ ਵਸਦੀ ਭਾਰਤੀ ਅਤੇ ਪੰਜਾਬੀ ਕਮਿਊਨਿਟੀ ਦਾ ਵੀ ਮਾਣ ਵਧਾਇਆ ਹੈ। ਮਾਸਟਰ ਖੇਡਾਂ ਦੇ ਵਿਚ ਭਾਗ ਲੈਣ ਦਾ ਸਫ਼ਰ ਉਨ੍ਹਾਂ 2019 ਦੇ ਵਿਚ ਸ਼ੁਰੂ ਕੀਤਾ ਸੀ ਅਤੇ ਇਸ ਵਾਰ ਉਹ ਦੂਜੀ ਵਾਰ ਅੰਤਰਰਾਸ਼ਟਰੀ ਪੱਧਰ ਉਤੇ ਆਸਟ੍ਰੇਲੀਆ ਗਏ ਹਨ। ਇਸ ਵਾਰ ਉਨ੍ਹਾਂ ਨੇ 13 ਐਥਲੈਟਿਕਸ ਖੇਡਾਂ ਦੇ ਵਿਚ ਭਾਗ ਲਿਆ ਸੀ ਅਤੇ 12 ਦੇ ਵਿੱਚ ਜਿੱਤ ਦਰਜ ਕੀਤੀ ਹੈ।
ਉਨ੍ਹਾਂ ਨੇ 4 ਗੋਲਡ ਮੈਡਲ, 5 ਸਿਲਵਰ ਮੈਡਲ ਅਤੇ 3 ਕਾਂਸੀ ਦੇ ਮੈਡਲ ਜਿੱਤੇ ਹਨ। ਜੇਕਰ ਖੇਡਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 1500 ਪੈਦਲ ਦੌੜ, ਜੈਵਲਿਨ ਥ੍ਰੋਅ, ਹੈਮਰ ਥ੍ਰੋਅ, ਸ਼ਾਟ ਪੁੱਟ, ਥ੍ਰੋਅ ਪੈਨਟਾਥਲੋਨ, Long jump, triple jump, ਡਿਸਕਸ ਥ੍ਰੋਅ, ਵੇਟ ਥ੍ਰੋਅ, 200 ਮੀਟਰ ਦੌੜ, 60 ਮੀਟਰ ਦੌੜ, 100 ਮੀਟਰ ਦੌੜ ਵਿੱਚ ਹਿੱਸਾ ਲੈ ਕੇ ਜਿੱਤ ਦਰਜ ਕੀਤੀ ਹੈ।