ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਚੋਣਕਾਰਾਂ ਨੇ ਮੁੜ ਉਨ੍ਹਾਂ ਖਿਡਾਰੀਆਂ ‘ਤੇ ਭਰੋਸਾ ਜਤਾਇਆ ਹੈ, ਜਿਨ੍ਹਾਂ ਨੂੰ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ‘ਚ ਮੌਕਾ ਦਿੱਤਾ ਗਿਆ ਸੀ। ਬੋਰਡ ਨੇ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਹੈ। ਨਿਊਜ਼ੀਲੈਂਡ ਨੇ ਇੰਗਲੈਂਡ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਡਰਾਅ ਖੇਡੀ ਹੈ। ਪਹਿਲਾ ਟੈਸਟ ਮੈਚ ਇੰਗਲੈਂਡ ਨੇ 267 ਦੌੜਾਂ ਨਾਲ ਜਿੱਤਿਆ ਸੀ। ਘਰੇਲੂ ਮੈਦਾਨ ‘ਤੇ ਇਸ ਸ਼ਰਮਨਾਕ ਹਾਰ ਤੋਂ ਬਾਅਦ ਟੀਮ ਨੇ ਵਾਪਸੀ ਕੀਤੀ ਅਤੇ ਦੂਜਾ ਟੈਸਟ ਮੈਚ ਇੱਕ ਦੌੜ ਨਾਲ ਜਿੱਤ ਲਿਆ। ਹੁਣ ਨਿਊਜ਼ੀਲੈਂਡ ਸਾਹਮਣੇ ਅਗਲੀ ਚੁਣੌਤੀ ਸ਼੍ਰੀਲੰਕਾ ਹੈ।
ਨਿਊਜ਼ੀਲੈਂਡ ਸ਼੍ਰੀਲੰਕਾ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ਖੇਡੇਗਾ। ਪਹਿਲਾ ਟੈਸਟ ਮੈਚ ਕ੍ਰਾਈਸਟਚਰਚ ‘ਚ ਅਤੇ ਦੂਜਾ ਟੈਸਟ ਵੈਲਿੰਗਟਨ ‘ਚ ਹੋਵੇਗਾ। ਇਸ ਤੋਂ ਇਲਾਵਾ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚ ਵੀ ਖੇਡੇ ਜਾਣਗੇ। ਨਿਊਜ਼ੀਲੈਂਡ ਨੇ ਫਿਲਹਾਲ ਸਿਰਫ ਟੈਸਟ ਸੀਰੀਜ਼ ਲਈ ਹੀ ਟੀਮ ਦਾ ਐਲਾਨ ਕੀਤਾ ਹੈ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਨੂੰ ਇੰਗਲੈਂਡ ਦੇ ਖਿਲਾਫ ਸੀਰੀਜ਼ ਦੌਰਾਨ ਲੱਕ ‘ਤੇ ਸੱਟ ਲੱਗ ਗਈ ਸੀ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਮੈਟ ਹੈਨਰੀ ਨੂੰ ਵੀ ਪਿੱਠ ‘ਚ ਕਾਫੀ ਤਕਲੀਫ ਸੀ। ਹਾਲਾਂਕਿ ਇਹ ਦੋਵੇਂ ਖਿਡਾਰੀ ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਲਈ ਉਪਲਬਧ ਹਨ, ਜੋ ਕਿ ਕੀਵੀ ਟੀਮ ਲਈ ਚੰਗੀ ਖਬਰ ਹੈ।
ਨਿਊਜ਼ੀਲੈਂਡ ਦੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਹਾਲਾਂਕਿ ਸ਼੍ਰੀਲੰਕਾ ਦੀ ਟੀਮ ਅਜੇ ਵੀ ਦੌੜ ਵਿੱਚ ਬਰਕਰਾਰ ਹੈ। ਜੇਕਰ ਉਹ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਦਿੰਦਾ ਹੈ ਅਤੇ ਆਸਟ੍ਰੇਲੀਆ ਭਾਰਤ ਖਿਲਾਫ ਕਲੀਨ ਸਵੀਪ ਕਰ ਲੈਂਦਾ ਹੈ ਤਾਂ ਸ਼੍ਰੀਲੰਕਾ ਦੀਆਂ ਉਮੀਦਾਂ ਬਰਕਰਾਰ ਰਹਿਣਗੀਆਂ।