ਹਾਲ ਹੀ ‘ਚ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਆਇਰਲੈਂਡ, ਨੀਦਰਲੈਂਡ ਅਤੇ ਸਕਾਟਲੈਂਡ ਖਿਲਾਫ ਸੀਰੀਜ਼ ਲਈ ਆਪਣੀ ਟੀਮ ਦਾ ਐਲਾਨ ਕੀਤਾ ਹੈ। ਕਪਤਾਨ ਕੇਨ ਵਿਲੀਅਮਸਨ ਸਮੇਤ ਕੁੱਝ ਤਜਰਬੇਕਾਰ ਖਿਡਾਰੀਆਂ ਨੂੰ ਇਸ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਟਾਮ ਲੈਥਮ ਨੂੰ ਆਇਰਲੈਂਡ ‘ਚ 10 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੀ ਕਮਾਨ ਸੌਂਪੀ ਗਈ ਹੈ। ਇਸ ਦੇ ਨਾਲ ਹੀ ਟੀ-20 ਟੀਮ ਦੀ ਜ਼ਿੰਮੇਵਾਰੀ ਸਪਿਨ ਆਲਰਾਊਂਡਰ ਮਿਸ਼ੇਲ ਸੈਂਟਨਰ ਨੂੰ ਦਿੱਤੀ ਗਈ ਹੈ।
ਅਗਲੇ ਮਹੀਨੇ ਕੀਵੀ ਟੀਮ ਨੇ 8 ਟੀ-20 ਮੈਚ ਖੇਡਣੇ ਹਨ। ਇਨ੍ਹਾਂ ਵਿੱਚੋਂ ਤਿੰਨ ਮੈਚ ਆਇਰਲੈਂਡ ਖ਼ਿਲਾਫ਼, ਤਿੰਨ ਮੈਚ ਸਕਾਟਲੈਂਡ ਖ਼ਿਲਾਫ਼ ਅਤੇ ਦੋ ਮੈਚ ਨੀਦਰਲੈਂਡ ਖ਼ਿਲਾਫ਼ ਹੋਣਗੇ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਕਿਹਾ ਕਿ ਖਿਡਾਰੀਆਂ ਦਾ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਕਪਤਾਨ ਕੇਨ ਵਿਲੀਅਮਸਨ, ਟ੍ਰੇਂਟ ਬੋਲਟ, ਟਿਮ ਸਾਊਦੀ ਅਤੇ ਟਾਮ ਲੈਥਮ ਨੂੰ ਆਰਾਮ ਦਿੱਤਾ ਗਿਆ ਹੈ। ਇਹ ਚਾਰੇ ਖਿਡਾਰੀ ਆਈ.ਪੀ.ਐੱਲ. ਦਾ ਹਿੱਸਾ ਸਨ ਅਤੇ ਇਸ ਤੋਂ ਤੁਰੰਤ ਬਾਅਦ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਖੇਡਣ ਲਈ ਵੀ ਆਏ ਸਨ। ਫਿਲਹਾਲ ਇਹ ਖਿਡਾਰੀ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ‘ਚ ਸ਼ਾਮਿਲ ਹਨ।
ਇਹ ਚਾਰੇ ਖਿਡਾਰੀ ਇੰਗਲੈਂਡ ਖਿਲਾਫ ਤੀਜੇ ਟੈਸਟ ਤੋਂ ਬਾਅਦ ਆਪਣੇ ਘਰਾਂ ਨੂੰ ਪਰਤਣਗੇ। ਅਗਸਤ ਵਿੱਚ ਜਦੋਂ ਕੀਵੀ ਟੀਮ ਸੀਮਤ ਓਵਰਾਂ ਦੀ ਲੜੀ ਲਈ ਵੈਸਟਇੰਡੀਜ਼ ਦਾ ਦੌਰਾ ਕਰੇਗੀ ਤਾਂ ਇਨ੍ਹਾਂ ਖਿਡਾਰੀਆਂ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਅਜਿਹੇ ‘ਚ ਇਨ੍ਹਾਂ ਖਿਡਾਰੀਆਂ ਕੋਲ ਆਰਾਮ ਕਰਨ ਲਈ ਕਾਫੀ ਸਮਾਂ ਹੋਵੇਗਾ। ਗੈਰੀ ਸਟੀਡ ਨੂੰ ਵੀ ਆਰਾਮ ਦਿੱਤਾ ਗਿਆ ਹੈ, ਇਸ ਲਈ ਸ਼ੇਨ ਜੁਰਗਨਸਨ ਆਇਰਲੈਂਡ ਖਿਲਾਫ ਸੀਰੀਜ਼ ਦੌਰਾਨ ਨਿਊਜ਼ੀਲੈਂਡ ਦੀ ਕੋਚਿੰਗ ਕਰਨਗੇ।