ਅਮਰੀਕਾ ‘ਚ ਇੱਕ ਵਾਰ ਫਿਰ ਕਲੱਬ ‘ਚ ਹਮਲਾ ਹੋਇਆ ਹੈ। ਨਿਊਯਾਰਕ ਦੇ ਇਕ ਨਾਈਟ ਕਲੱਬ ‘ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਹੁਣ ਤੱਕ 11 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਘਟਨਾ ਨਿਊਯਾਰਕ ਦੇ ਕਵੀਂਸ ਸ਼ਹਿਰ ਦੇ ਅਮਾਚੁਰੀ ਨਾਈਟ ਕਲੱਬ ਵਿੱਚ ਵਾਪਰੀ ਹੈ। ਇਸ ਤੋਂ ਪਹਿਲਾਂ ਨਿਊ ਓਰਲੀਨਜ਼ ‘ਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਲੋਕਾਂ ਨੂੰ ਕੁਚਲ ਦਿੱਤਾ ਸੀ ਇਸ ਘਟਨਾ ‘ਚ 15 ਲੋਕ ਜ਼ਖ਼ਮੀ ਹੋ ਗਏ ਸਨ। ਕੁਝ ਘੰਟਿਆਂ ਬਾਅਦ, ਲਾਸ ਵੇਗਾਸ ‘ਚ ਟਰੰਪ ਇੰਟਰਨੈਸ਼ਨਲ ਹੋਟਲ ਦੇ ਬਿਲਕੁਲ ਬਾਹਰ ਟੇਸਲਾ ਦੇ ਸਾਈਬਰਟਰੱਕ ਵਿੱਚ ਧਮਾਕਾ ਹੋਇਆ। ਇਨ੍ਹਾਂ ਘਟਨਾਵਾਂ ਦੇ 24 ਘੰਟਿਆਂ ਦੇ ਅੰਦਰ ਇਹ ਤੀਜੀ ਘਟਨਾ ਹੈ।
ਇਸ ਘਟਨਾ ਤੋਂ ਬਾਅਦ ਨਿਊਯਾਰਕ ਪੁਲਿਸ ਵਿਭਾਗ ਦੀਆਂ ਕਈ ਯੂਨਿਟਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਘਟਨਾ ਦੀ ਵੀਡੀਓ ‘ਚ ਨਾਈਟ ਕਲੱਬ ਦੇ ਬਾਹਰ ਵੱਡੀ ਗਿਣਤੀ ‘ਚ ਪੁਲਿਸ ਅਤੇ ਐਂਬੂਲੈਂਸਾਂ ਨੂੰ ਦੇਖਿਆ ਜਾ ਸਕਦਾ ਹੈ। ਹਾਲਾਂਕਿ ਹੁਣ ਤੱਕ ਨਿਊਯਾਰਕ ਪੁਲਿਸ ਵਿਭਾਗ ਨੇ ਇਸ ਸਬੰਧ ਵਿੱਚ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਸ ਨਾਈਟ ਕਲੱਬ ਨੂੰ ਸ਼ਹਿਰ ਦੇ ਸਭ ਤੋਂ ਵੱਧ ਵਿਅਸਤ ਰਹਿਣ ਵਾਲੇ ਰਾਤ ਦੇ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।