ਅਮਰੀਕੀ ਕੰਪਨੀ ਜੇਪੀ ਮੋਰਗਨ ਦੇ ਸਾਬਕਾ ਵਿਸ਼ਲੇਸ਼ਕ ਨੂੰ 2 ਅਰਬ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਿਕ 2015 ‘ਚ ਇਕ ਬਿਲਡਿੰਗ ਦਾ ਸ਼ੀਸ਼ਾ ਉਨ੍ਹਾਂ ‘ਤੇ ਡਿੱਗ ਗਿਆ ਸੀ। ਇਸ ਹਾਦਸੇ ਨੇ ਉਨ੍ਹਾਂ ਦੇ ਦਿਮਾਗ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਵੀ ਗੁਆਉਣੀ ਪਈ ਸੀ। ਇਹ ਘਟਨਾ 2015 ਵਿੱਚ ਵਾਪਰੀ ਸੀ ਜਦੋਂ 36 ਸਾਲਾ ਮੇਘਨ ਬ੍ਰਾਊਨ ਮੈਨਹਟਨ ਵਿੱਚ ਇੱਕ ਸਰੀਰਕ ਥੈਰੇਪੀ ਮੁਲਾਕਾਤ ਤੋਂ ਵਾਪਿਸ ਆ ਰਹੀ ਸੀ। ਇਸ ਘਟਨਾ ਦਾ ਵੀਡੀਓ ਉਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ‘ਚ 7.5 ਫੁੱਟ ਉੱਚਾ ਲਾਬੀ ਦਾ ਦਰਵਾਜ਼ਾ ਮੇਘਨ ਬ੍ਰਾਊਨ ‘ਤੇ ਡਿੱਗਦਾ ਨਜ਼ਰ ਆ ਰਿਹਾ ਹੈ।
ਮੁਕੱਦਮੇ ਦੇ ਦੌਰਾਨ, ਮੇਘਨ ਬ੍ਰਾਊਨ ਨੇ ਮੈਨਹਟਨ ਸੁਪਰੀਮ ਕੋਰਟ ਨੂੰ ਕਿਹਾ, ਮੈਨੂੰ ਯਾਦ ਹੈ ਕਿ ਲਾਬੀ ਵਿੱਚ ਹਰ ਥਾਂ ਟੁੱਟੇ ਹੋਏ ਸ਼ੀਸ਼ੇ ਸਨ। ਮੈਨੂੰ ਉਹ ਪਲ ਯਾਦ ਨਹੀਂ ਜਦੋਂ ਦਰਵਾਜ਼ਾ ਮੇਰੇ ‘ਤੇ ਟੁੱਟਿਆ। ਮੈਨੂੰ ਇਸ ਤੋਂ ਵੱਧ ਯਾਦ ਨਹੀਂ। ਮੈਨੂੰ ਸਿਰਫ ਇੰਨਾ ਯਾਦ ਹੈ ਕਿ ਮੈਂ ਅੰਦਰ ਸੀ ਅਤੇ ਫਰਸ਼ ‘ਤੇ, ਲੋਕ ਉਸ ਸਮੇਂ ਮੇਰੀ ਮਦਦ ਕਰ ਰਹੇ ਸਨ। ਇਸ ਘਟਨਾ ਕਾਰਨ ਉਨ੍ਹਾਂ ਨੂੰ ਦਿਮਾਗੀ ਸੱਟ ਲੱਗ ਗਈ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਸੱਟਾਂ ਕਾਰਨ, ਉਨ੍ਹਾਂ ਨੇ ਜੇਪੀ ਮੋਰਗਨ ਵਿੱਚ ਉੱਚ ਪੱਧਰੀ ਵਿਸ਼ਲੇਸ਼ਕ ਵਜੋਂ ਆਪਣੀ ਨੌਕਰੀ ਗੁਆ ਦਿੱਤੀ ਸੀ ਅਤੇ ਉਹ ਰੋਜ਼ਾਨਾ ਦੇ ਕੰਮ ਕਰਨ ਵਿੱਚ ਅਸਮਰੱਥ ਸੀ। ਮੇਘਨ ਬ੍ਰਾਊਨ ਨੇ ਸੱਟ ਤੋਂ ਬਾਅਦ PTSD ਵਿਕਸਿਤ ਕੀਤਾ, ਜਿਸ ਨਾਲ ਉਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੋ ਗਈ ਹੈ ਅਤੇ ਫੋਕਸ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਨੇ ਅਦਾਲਤ ‘ਚ ਦੱਸਿਆ ਸੀ ਕਿ ਸੱਟ ਠੀਕ ਹੋਣ ਤੋਂ ਬਾਅਦ ਉਹ ਕੰਮ ‘ਤੇ ਪਰਤ ਆਈ ਹੈ ਪਰ ਉਨ੍ਹਾਂ ਦਾ ਪ੍ਰਦਰਸ਼ਨ ਪਹਿਲਾਂ ਵਰਗਾ ਨਹੀਂ ਰਿਹਾ। 2021 ਵਿੱਚ ਕੰਪਨੀ ਨੇ ਉਨ੍ਹਾਂ ਤੋਂ ਨੌਕਰੀ ਖੋਹ ਲਈ।