ਨੇਪਾਲ ਵਿੱਚ ਮੰਗਲਵਾਰ ਨੂੰ ਮਾਊਂਟ ਐਵਰੈਸਟ ਨੇੜੇ ਇੱਕ ਹੈਲੀਕਾਪਟਰ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਸੋਲੁਖੁੰਬੂ ਤੋਂ ਰਾਜਧਾਨੀ ਕਾਠਮੰਡੂ ਜਾ ਰਹੇ ਇੱਕ ਨਿੱਜੀ ਕੰਪਨੀ ਦੇ ਹੈਲੀਕਾਪਟਰ ਦਾ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਸੰਪਰਕ ਟੁੱਟ ਗਿਆ, ਜਿਸ ਤੋਂ ਬਾਅਦ ਇਸ ਦੇ ਕਰੈਸ਼ ਹੋਣ ਦੀ ਸੂਚਨਾ ਮਿਲੀ ਹੈ। ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ ਪਰ ਪਤਾ ਲੱਗਾ ਹੈ ਕਿ ਇਹ ਸਾਰੇ ਵਿਦੇਸ਼ੀ ਨਾਗਰਿਕ ਹਨ। ਸਥਾਨਕ ਪੁਲਿਸ ਅਨੁਸਾਰ ਹੈਲੀਕਾਪਟਰ ਦਾ ਮਲਬਾ ਲਾਮਜੂਰਾ ਡੰਡਾ ਪਿੰਡ ਨੇੜੇ ਮਿਲਿਆ ਹੈ, ਪਿੰਡ ਵਾਸੀਆਂ ਨੇ ਖੁਦ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਸਾਨੂੰ ਸੂਚਨਾ ਦਿੱਤੀ। ਸ਼ੁਰੂਆਤੀ ਜਾਂਚ ਮੁਤਾਬਿਕ ਹੈਲੀਕਾਪਟਰ ਪਹਾੜ ਦੀ ਚੋਟੀ ‘ਤੇ ਇੱਕ ਦਰੱਖਤ ਨਾਲ ਟਕਰਾ ਗਿਆ ਸੀ, ਜਿਸ ਕਾਰਨ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਹਾਦਸਾਗ੍ਰਸਤ ਹੋ ਗਿਆ।
ਦੱਸ ਦੇਈਏ ਕਿ ਨੇਪਾਲ ਅਕਸਰ ਜਹਾਜ਼ ਹਾਦਸਿਆਂ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ। ਇਸ ਸਾਲ ਦੇ ਸ਼ੁਰੂ ਵਿੱਚ, 15 ਜਨਵਰੀ, 2023 ਨੂੰ, ਨੇਪਾਲ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਸੀ, ਜਦੋਂ ਯਤੀ ਏਅਰ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ 72 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਨੇਪਾਲ ਵਿੱਚ ਤਾਰਾ ਏਅਰਲਾਈਨਜ਼ ਦਾ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿੱਚ ਦੋ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ।