ਰਾਜ ਸਭਾ ‘ਚ ਜੰਮੂ-ਕਸ਼ਮੀਰ ਪੁਨਰਗਠਨ (ਸੋਧ) ਬਿੱਲ 2023 ‘ਤੇ ਬਹਿਸ ਦੌਰਾਨ ਅਮਿਤ ਸ਼ਾਹ ਨੇ ਇੱਕ ਵਾਰ ਫਿਰ ਕਾਂਗਰਸ ਅਤੇ ਜਵਾਹਰ ਲਾਲ ਨਹਿਰੂ ‘ਤੇ ਨਿਸ਼ਾਨਾ ਸਾਧਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਕਿਸਤਾਨ ਨਾਲ ਜੰਗਬੰਦੀ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਚਨਚੇਤ ਜੰਗਬੰਦੀ ਨਾ ਹੁੰਦੀ ਤਾਂ ਅੱਜ ਪੀ.ਓ.ਕੇ. ਨਾ ਹੁੰਦਾ। ਜੇ ਜਵਾਹਰ ਲਾਲ ਨਹਿਰੂ ਦੋ ਦਿਨ ਰੁਕੇ ਹੁੰਦੇ ਤਾਂ ਪੂਰਾ ਪੀਓਕੇ ਤਿਰੰਗੇ ਦੇ ਹੇਠਾਂ ਹੁੰਦਾ।
ਧਾਰਾ 370 ‘ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੈਦਰਾਬਾਦ ‘ਚ ਕਸ਼ਮੀਰ ਤੋਂ ਵੀ ਵੱਡੀ ਸਮੱਸਿਆ ਸੀ, ਕੀ ਨਹਿਰੂ ਉੱਥੇ ਗਏ ਸਨ? ਕੀ ਨਹਿਰੂ ਜੂਨਾਗੜ੍ਹ, ਲਕਸ਼ਦੀਪ, ਜੋਧਪੁਰ ਗਏ ਸਨ? ਉਹ ਸਿਰਫ਼ ਕਸ਼ਮੀਰ ਦਾ ਕੰਮ ਹੀ ਦੇਖਦੇ ਸੀ ਤੇ ਉਹ ਵੀ ਅੱਧਾ ਰਹਿ ਗਿਆ ਸੀ। ਉਨ੍ਹਾਂ ਸਵਾਲ ਕੀਤਾ ਕਿ ਕਸ਼ਮੀਰ ਦੇ ਰਲੇਵੇਂ ਵਿੱਚ ਦੇਰੀ ਕਿਉਂ ਹੋਈ? ਅਮਿਤ ਸ਼ਾਹ ਨੇ ਕਿਹਾ ਕਿ ਇਤਿਹਾਸ ਨੂੰ 1000 ਫੁੱਟ ਹੇਠਾਂ ਦੱਬਿਆ ਜਾਵੇ ਤਾਂ ਵੀ ਸੱਚਾਈ ਸਾਹਮਣੇ ਆ ਜਾਂਦੀ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਰਲੇਵੇਂ ਦੌਰਾਨ ਇਕ ਵਿਅਕਤੀ ਨੂੰ ਵਿਸ਼ੇਸ਼ ਸਥਾਨ ਦੇਣ ਦੀ ਬੇਨਤੀ ਕੀਤੀ ਗਈ ਸੀ ਅਤੇ ਉਹ ਸ਼ੇਖ ਅਬਦੁੱਲਾ ਸਨ, ਜਿਸ ਕਾਰਨ ਰਲੇਵੇਂ ਵਿਚ ਦੇਰੀ ਹੋਈ। ਉਨ੍ਹਾਂ ਸਵਾਲ ਚੁੱਕਿਆ ਕਿ ਇੰਨੇ ਸਾਰੇ ਰਾਜਾਂ ਦਾ ਰਲੇਵਾਂ ਹੋ ਗਿਆ ਪਰ ਧਾਰਾ 370 ਕਿਤੇ ਵੀ ਕਿਉਂ ਨਹੀਂ ਲਗਾਈ ਗਈ? ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਜਵਾਬ ਦੇਣਾ ਪਏਗਾ ਕਿ ਇਹ ਸ਼ਰਤ ਕਿਸ ਨੇ ਰੱਖੀ ਸੀ ਅਤੇ ਕਿਸ ਨੇ ਮੰਨੀ ਸੀ। ਇਸ ਸਵਾਲ ਤੋਂ ਭੱਜ ਨਹੀਂ ਸਕਦੇ।