ਭਾਰਤ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਯੂਜੀਨ, ਅਮਰੀਕਾ ਵਿੱਚ 18ਵੀਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਨੀਰਜ ਨੇ 88.13 ਮੀਟਰ ਜੈਵਲਿਨ ਸੁੱਟ ਕੇ ਇਹ ਤਮਗਾ ਹਾਸਿਲ ਕੀਤਾ ਹੈ। ਗੋਲਡ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 90.46 ਮੀਟਰ ਜੈਵਲਿਨ ਸਿੱਟ ਕੇ ਜਿੱਤਿਆ ਹੈ। ਭਾਰਤ ਦੇ ਰੋਹਿਤ ਯਾਦਵ ਵੀ ਇਸੇ ਈਵੈਂਟ ਵਿੱਚ ਸਨ। ਉਹ 78.72 ਮੀਟਰ ਥਰੋਅ ਨਾਲ 10ਵੇਂ ਸਥਾਨ ‘ਤੇ ਰਹੇ ਹਨ।
ਭਾਰਤ ਦਾ 39 ਸਾਲਾਂ ਤੋਂ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ਦਾ ਸੁਪਨਾ ਤਾਂ ਪੂਰਾ ਨਹੀਂ ਹੋ ਸਕਿਆ। ਹਾਲਾਂਕਿ 19 ਸਾਲ ਬਾਅਦ ਦੇਸ਼ ਨੂੰ ਇਸ ਚੈਂਪੀਅਨਸ਼ਿਪ ‘ਚ ਤਮਗਾ ਮਿਲਿਆ ਹੈ। ਨੀਰਜ ਤੋਂ ਪਹਿਲਾਂ ਅੰਜੂ ਬੌਬੀ ਜਾਰਜ ਨੇ 2003 ਵਿੱਚ ਲੰਬੀ ਛਾਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਨੀਰਜ ਇਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਅਥਲੀਟ ਬਣ ਗਿਆ ਹੈ। ਇਸ ਦੇ ਨਾਲ ਹੀ ਉਹ ਪਹਿਲੇ ਭਾਰਤੀ ਪੁਰਸ਼ ਅਥਲੀਟ ਹਨ, ਜਿਨ੍ਹਾਂ ਨੇ ਇਸ ਚੈਂਪੀਅਨਸ਼ਿਪ ਵਿੱਚ ਤਗਮਾ ਜਿੱਤਿਆ ਹੈ।
ਇਸ ਤੋਂ ਪਹਿਲਾ ਨੀਰਜ ਨੇ ਪਿਛਲੇ ਸਾਲ ਓਲੰਪਿਕ ਵਿੱਚ 120 ਸਾਲਾਂ ਦੇ ਸੋਕੇ ਨੂੰ ਖਤਮ ਕੀਤਾ ਸੀ ਅਤੇ ਭਾਰਤ ਲਈ ਟਰੈਕ ਅਤੇ ਫੀਲਡ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਸੀ। ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਪਹਿਲੀ ਵਾਰ 1983 ਵਿੱਚ ਆਯੋਜਿਤ ਕੀਤੀ ਗਈ ਸੀ। ਹੁਣ ਤੱਕ ਭਾਰਤ ਦੇ ਕੋਲ ਇਸ ਟੂਰਨਾਮੈਂਟ ਵਿੱਚ ਇੱਕ ਵੀ ਸੋਨ ਤਮਗਾ ਨਹੀਂ ਹੈ। ਪੁਰਸ਼ ਖਿਡਾਰੀਆਂ ਨੇ ਅੱਜ ਤੱਕ ਇੱਕ ਵੀ ਤਮਗਾ ਨਹੀਂ ਜਿੱਤਿਆ ਸੀ।