ਨਿਊਜ਼ੀਲੈਂਡ ‘ਚ ਵੱਧਦੀਆਂ ਜਾ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਲਗਾਤਾਰ ਕਾਰਵਾਈਆਂ ਕਰ ਰਹੀ ਹੈ। ਇਸ ਵਿਚਕਾਰ ਸੰਗਠਿਤ ਅਪਰਾਧ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਪੁਲਿਸ ਨੇ ਪਿਛਲੇ ਹਫ਼ਤੇ ਵੈਲਿੰਗਟਨ ਖੇਤਰ ਦੇ ਆਲੇ-ਦੁਆਲੇ 20 ਗੈਂਗ ਵਾਹਨਾਂ ਨੂੰ ਜ਼ਬਤ ਕੀਤਾ ਸੀ। ਪਿਛਲੇ ਬੁੱਧਵਾਰ ਅਤੇ ਵੀਰਵਾਰ ਨੂੰ, ਪੁਲਿਸ ਨੇ 17 ਕਾਰਾਂ, ਦੋ ਮੋਟਰਸਾਈਕਲਾਂ ਅਤੇ ਇੱਕ ਕਿਸ਼ਤੀ ਨੂੰ ਗਿਰੋਹ ਦੇ ਮੈਂਬਰਾਂ ਅਤੇ ਸਹਿਯੋਗੀਆਂ ਤੋਂ ਜ਼ਬਤ ਕੀਤਾ ਸੀ। ਇਸ ਆਪਰੇਸ਼ਨ ਦੀ ਅਗਵਾਈ ਡਿਟੈਕਟਿਵ ਸੀਨੀਅਰ ਸਾਰਜੈਂਟ ਸਟੀਵ ਵਿਲੀਅਮਸਨ ਨੇ ਕੀਤੀ ਅਤੇ ਜ਼ਿਲ੍ਹੇ ਦੀਆਂ ਕਈ ਟੀਮਾਂ ਦੇ ਸਟਾਫ ਨੂੰ ਸ਼ਾਮਿਲ ਕੀਤਾ ਗਿਆ ਸੀ।
ਵਿਲੀਅਮਸਨ ਨੇ ਕਿਹਾ, “ਇੱਕ ਕਾਰ ਅਤੇ ਹਾਰਲੇ ਡੇਵਿਡਸਨ ਨੂੰ 28 ਦਿਨਾਂ ਲਈ ਜ਼ਬਤ ਕੀਤਾ ਗਿਆ ਸੀ, ਅਤੇ ਉਨ੍ਹਾਂ ਦੇ ਡਰਾਈਵਰਾਂ ਨੂੰ ਕਈ ਡਰਾਈਵਿੰਗ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।” ਅਪਰੇਸ਼ਨ ਰਾਹੀਂ ਅਦਾਲਤ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਲਾਗੂ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਲੋਕਾਂ ਨੂੰ ਅਪਰਾਧ ਲਈ ਜਵਾਬਦੇਹ ਠਹਿਰਾਇਆ ਜਾ ਰਿਹਾ ਹੈ।”