ਸ਼ੁੱਕਰਵਾਰ ਨੂੰ ਐਨਸੀਪੀ ਨੇਤਾ ਅਤੇ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਵੀ ਕੰਗਨਾ ਦੇ ਅਸਲ ਆਜ਼ਾਦੀ ਦੇ ਬਿਆਨ ‘ਤੇ ਹਮਲਾ ਬੋਲਿਆ ਹੈ। ਨਵਾਬ ਮਲਿਕ ਨੇ ਸ਼ੁੱਕਰਵਾਰ ਨੂੰ ਕੰਗਨਾ ਰਣੌਤ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਬਾਲੀਵੁੱਡ ਅਭਿਨੇਤਰੀ ਨੇ ਬਿਆਨ ਦੇਣ ਤੋਂ ਪਹਿਲਾਂ ਹੈਵੀ ਡਰੱਗਜ਼ ਲਈ ਸੀ। ਨਵਾਬ ਮਲਿਕ ਨੇ ਕੰਗਨਾ ਰਣੌਤ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ, “ਅਸੀਂ ਕੰਗਨਾ ਰਣੌਤ ਦੇ ਬਿਆਨ ਦੀ ਸਖਤ ਨਿੰਦਾ ਕਰਦੇ ਹਾਂ ਕਿ ਭਾਰਤ ਨੂੰ 2014 ‘ਚ ਆਜ਼ਾਦੀ ਮਿਲੀ ਹੈ। ਅਭਿਨੇਤਰੀ ਨੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕੀਤਾ। ਕੇਂਦਰ ਕੰਗਣਾ ਤੋਂ ਪਦਮ ਸ਼੍ਰੀ ਵਾਪਿਸ ਲੈ ਕੇ ਉਸ ਨੂੰ ਗ੍ਰਿਫਤਾਰ ਕਰੇ।”
ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਅੱਗੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਜਿਹਾ ਬਿਆਨ ਦੇਣ ਤੋਂ ਪਹਿਲਾਂ ਕਿ 2014 ਵਿੱਚ ਭਾਰਤ ਨੂੰ ਆਜ਼ਾਦੀ ਮਿਲੀ, ਕੰਗਨਾ ਰਣੌਤ ਨੇ ਮਲਾਨਾ ਕਰੀਮ (ਹਸ਼ੀਸ਼ ਦੀ ਇੱਕ ਵਿਸ਼ੇਸ਼ ਕਿਸਮ, ਜੋ ਕਿ ਹਿਮਾਚਲ ਪ੍ਰਦੇਸ਼ ਵਿੱਚ ਵਿਸ਼ੇਸ਼ ਤੌਰ ‘ਤੇ ਉੱਗਦੀ ਹੈ) ਦੀ ਹੈਵੀ ਡੋਜ ਲਈ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਰੁਣ ਗਾਂਧੀ ਤੋਂ ਲੈ ਕੇ ਕਈ ਨੇਤਾ ਕੰਗਨਾ ਰਣੌਤ ਦੀ ਆਲੋਚਨਾ ਕਰ ਚੁੱਕੇ ਹਨ।
ਦਰਅਸਲ, ਅਭਿਨੇਤਰੀ ਕੰਗਨਾ ਰਣੌਤ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ ਕਿ ਭਾਰਤ ਨੂੰ ‘1947 ‘ਚ ਆਜ਼ਾਦੀ ਮਿਲੀ, ਪਰ ਭੀਖ ਮੰਗ ਕੇ’ ਅਤੇ ਅਸਲੀ ਆਜ਼ਾਦੀ 2014 ‘ਚ ਨਰਿੰਦਰ ਮੋਦੀ ਸਰਕਾਰ ਦੇ ਸੱਤਾ ‘ਚ ਆਉਣ ‘ਤੇ ਮਿਲੀ ਸੀ। ਕੰਗਨਾ ਇਸ ਬਿਆਨ ਨਾਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਆਮ ਆਦਮੀ ਪਾਰਟੀ ਨੇ ਮੁੰਬਈ ਪੁਲਿਸ ਕੋਲ ਇੱਕ ਅਰਜ਼ੀ ਦਾਇਰ ਕਰਕੇ ਕੰਗਨਾ ਵਿਰੁੱਧ “ਦੇਸ਼ਧ੍ਰੋਹ ਅਤੇ ਭੜਕਾਊ” ਬਿਆਨ ਦੇਣ ਲਈ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਕੰਗਨਾ ਦੇ ਵਿਵਾਦਿਤ ਬਿਆਨ ਦੀ ਨਾ ਸਿਰਫ ਨਿੰਦਾ ਹੋ ਰਹੀ ਹੈ ਸਗੋਂ ਉਸ ਤੋਂ ਪਦਮ ਸ਼੍ਰੀ ਵਾਪਿਸ ਲੈਣ ਦੀ ਮੰਗ ਵੀ ਕੀਤੀ ਜਾ ਰਹੀ ਹੈ।