ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਤੋਂ ਪਹਿਲਾਂ ਹਰ ਪਾਰਟੀ ਨੇ ਆਪਣੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਹਰ ਪਾਰਟੀ ਵਿੱਚ ਜੋੜ-ਤੋੜ ਦੀ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਪਰ ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਵਿੱਚ ਇਸ ਸਮੇਂ ਇੱਕ ਹੋਰ ਸੰਕਟ ਨੂੰ ਉੱਠਿਆ ਹੋਇਆ ਹੈ। ਦਰਅਸਲ ਇਹ ਰਾਜਨੀਤਿਕ ਸੰਕਟ ਹੈ ਜੋ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਚੱਲ ਰਹੀ ਹਲਚਲ ਅਜੇ ਵੀ ਖ਼ਤਮ ਨਹੀਂ ਹੋਈ ਹੈ। ਸੋਮਵਾਰ ਨੂੰ, ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਇਸ਼ਾਰਿਆਂ ਇਸ਼ਾਰਿਆਂ ਵਿੱਚ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਿਆ ਅਤੇ ਆਪਣਾ ਸਖਤ ਰਵੱਈਆ ਦਿਖਾਇਆ ਹੈ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਸਿਸਟਮ ਨੇ ਆਪਣੇ ਆਪ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ ਤਾਂ ਮੈਂ ਖੁਦ ਸਿਸਟਮ ਨੂੰ ਰੱਦ ਕਰ ਦਿੱਤਾ। ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਆਪਣੇ ਇੱਕ ਟਵੀਟ ਵਿੱਚ ਲਿਖਿਆ ਕਿ 17 ਸਾਲਾਂ ਤੋਂ ਮੈਂ ਲੋਕ ਸਭਾ, ਰਾਜ ਸਭਾ, ਵਿਧਾਇਕ, ਮੰਤਰੀ ਦੇ ਅਹੁਦੇ ‘ਤੇ ਰਿਹਾ ਹਾਂ ਪਰ ਸਿਰਫ ਇੱਕ ਉਦੇਸ਼ ਨਾਲ ਰਿਹਾ ਹਾਂ। ਪੰਜਾਬ ਦਾ ਜੋ ਸਿਸਟਮ ਹੈ ਉਸ ਨੂੰ ਬਦਲਾ ਅਤੇ ਲੋਕਾਂ ਦੇ ਹੱਥਾਂ ਵਿੱਚ ਤਾਕਤ ਵਾਪਿਸ ਦੇਵਾਂ।
ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਜਦੋਂ ਸਿਸਟਮ ਨੇ ਸੁਧਾਰ ਦੇ ਹਰ ਯਤਨ ਨੂੰ ਰੱਦ ਕਰ ਦਿੱਤਾ ਤਾਂ ਮੈਂ ਖੁਦ ਸਿਸਟਮ ਨੂੰ ਠੁਕਰਾ ਦਿੱਤਾ। ਭਾਵੇਂ ਮੈਨੂੰ ਕੈਬਨਿਟ ਲਈ ਆਫਰ ਮਿਲਦੇ ਰਹਿਣ। ਨਵਜੋਤ ਸਿੰਘ ਸਿੱਧੂ ਨੇ ਇਸ ਟਵੀਟ ਨਾਲ ਆਪਣੀ ਇੱਕ ਇੰਟਰਵਿਊ ਦਾ ਹਿੱਸਾ ਵੀ ਸਾਂਝਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦਾ ਇਹ ਟਵੀਟ ਓਦੋ ਆਇਆ ਹੈ, ਜਦੋਂ ਕਾਂਗਰਸ ਦੀ ਕੇਂਦਰੀ ਹਾਈ ਕਮਾਂਡ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਸਭ ਕੁੱਝ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਅਤੇ ਸਿੱਧੂ ਧੜੇ ਦਰਮਿਆਨ ਦੂਰੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ, ਇਸ ਦੌਰਾਨ, ਨਵਜੋਤ ਸਿੰਘ ਸਿੱਧੂ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਆਪਣਾ ਰਵੱਈਆ ਬਦਲਿਆ ਨਹੀਂ ਹੈ।