ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੱਧੂ ਦੀ ਪੰਜਾਬ ਦੀ ਸਿਆਸਤ ਵਿੱਚ ਵਾਪਸੀ ਨੇ ਪਾਰਟੀ ਅੰਦਰ ਵੱਧ ਰਹੀ ਦਰਾੜ ਦਾ ਪਰਦਾਫਾਸ਼ ਕਰ ਦਿੱਤਾ ਹੈ। ਮਾਲਵੇ ਵਿੱਚ ਅੱਠ ਹਜ਼ਾਰ ਵਰਕਰਾਂ ਦੀ ਰੈਲੀ ਕਰਨ ਤੋਂ ਬਾਅਦ ਸਿੱਧੂ ਹੁਣ ਦੋਆਬੇ ਅਤੇ ਮਾਝੇ ਵਿੱਚ ਵੀ ਵੱਖਰੇ ਅਖਾੜੇ ਬਣਾਉਣ ਦੀ ਤਿਆਰੀ ਕਰ ਰਹੇ ਹਨ। ਇਸ ਦੇ ਲਈ ਉਨ੍ਹਾਂਨੇ ਆਪਣੀ ਟੀਮ ਨੂੰ ਸਰਗਰਮ ਕਰ ਲਿਆ ਹੈ। ਇਸ ਦੌਰਾਨ ਸਿੱਧੂ ਦੇ ਕਰੀਬੀ ਗੌਤਮ ਸੇਠ ਦੀ ਸ਼ਿਕਾਇਤ ‘ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤੁਰੰਤ ਪੰਜਾਬ ਇਕਾਈ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ।
ਪ੍ਰਤਾਪ ਸਿੰਘ ਬਾਜਵਾ ਦੇ ਸਿੱਧੂ ਖਿਲਾਫ ਭਾਸ਼ਣ ਤੋਂ ਇਲਾਵਾ ਰੈਲੀ ਬਾਰੇ ਹੋਰ ਜਾਣਕਾਰੀ ਮੰਗੀ ਗਈ ਹੈ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਣ ਕਾਰਨ ਹਾਈਕਮਾਂਡ ਨੇ ਹਾਲੇ ਤੱਕ ਪੰਜਾਬ ਤੋਂ ਕਿਸੇ ਵੀ ਆਗੂ ਨੂੰ ਦਿੱਲੀ ਨਹੀਂ ਬੁਲਾਇਆ ਪਰ ਕਾਂਗਰਸ ਹਾਈਕਮਾਂਡ ਸਥਾਨਕ ਲੀਡਰਸ਼ਿਪ ਅਤੇ ਸਿੱਧੂ ਨੂੰ ਕਿਸੇ ਵੇਲੇ ਵੀ ਦਿੱਲੀ ਬੁਲਾ ਸਕਦੀ ਹੈ। ਬੁੱਧਵਾਰ ਨੂੰ, ਸਿੱਧੂ ਨੇ ‘ਐਕਸ’ ‘ਤੇ ਆਪਣੀ ਟਾਈਮਲਾਈਨ ‘ਤੇ ਆਪਣੇ ਵਫ਼ਾਦਾਰ ਸਮਰਥਕ ਅਤੇ ਸਮਾਜਿਕ ਕਾਰਕੁਨ ਮਾਲਵਿੰਦਰ ਸਿੰਘ ਮੱਲੀ ਦੀ ਇੱਕ ਪੋਸਟ ਸਾਂਝੀ ਕੀਤੀ। ਇਸ ‘ਚ ਬਾਜਵਾ ‘ਤੇ ਕਾਂਗਰਸ ਦੇ ਪਤਨ ਲਈ ਹਮਲਾ ਬੋਲਿਆ ਗਿਆ। ਕੁਝ ਘੰਟਿਆਂ ਬਾਅਦ, ਬਾਜਵਾ ਦੀ ਹਮਾਇਤ ਕਰ ਰਹੇ ਇਕ ਹੋਰ ਕਾਂਗਰਸੀ ਗਰੁੱਪ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਸਿੱਧੂ ਨੂੰ ਅਨੁਸ਼ਾਸਨਹੀਣਤਾ ਲਈ ਪਾਰਟੀ ਤੋਂ ਬਾਹਰ ਕਰਨ ਦੀ ਮੰਗ ਕੀਤੀ।
ਉਨ੍ਹਾਂ ਬਿਆਨ ਵਿੱਚ ਕਿਹਾ ਕਿ ਸਿੱਧੂ ਬੇਸਮੈਂਟ ਵਿੱਚ ਰੱਖਿਆ ਬੰਬ ਹੈ, ਜੋ ਫਟਣ ਦੀ ਉਡੀਕ ਵਿੱਚ ਹੈ। ਸਿੱਧੂ ਨੇ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਨੇੜਲੇ ਕਾਂਗਰਸੀ ਆਗੂ ਗੌਤਮ ਸੇਠ ਦੀ ਪੋਸਟ ਨੂੰ ਮੁੜ ਸਾਂਝਾ ਕੀਤਾ ਅਤੇ ਬਾਜਵਾ ਦੀਆਂ ਟਿੱਪਣੀਆਂ ਨੂੰ ਗੈਰਵਾਜਬ ਅਤੇ ਮੰਦਭਾਗਾ ਦੱਸਿਆ। ਸਿੱਧੂ ਨੇ ਸਿੱਧੀ ਪੋਸਟ ਰਾਹੀਂ ਆਪਣੀ ਆਲੋਚਨਾ ਜਾਰੀ ਰੱਖਦਿਆਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਏਜੰਡਾ ਵਿਅਕਤੀਗਤ ਆਗੂਆਂ ਨਾਲੋਂ ਵੱਧ ਅਹਿਮ ਹੈ।
ਉਨ੍ਹਾਂ ਕਿਹਾ ਕਿ 8000 ਸਮਰਥਕਾਂ ਲਈ ਅੜਿੱਕਾ ਕਿਉਂ ਬਣਦੇ ਹਨ ਅਤੇ ਉਨ੍ਹਾਂ ਨੂੰ ਸਹੂਲਤ ਕਿਉਂ ਨਹੀਂ ਦਿੰਦੇ? ਕੀ ਪੰਜਾਬ ਦੇ ਲੋਕ ਤੁਹਾਡੀ ਪਾਰਟੀ ਦੇ ਏਜੰਡੇ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਤੁਹਾਨੂੰ ਬਦਲ ਸਮਝਦੇ ਹਨ? ਇਹ ਸਭ ਮਹੱਤਵਪੂਰਨ ਹੈ। ਪਿਛਲੇ ਮਹੀਨੇ, ਸਿੱਧੂ ਨੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਅਤੇ ਸੂਬੇ ਦੇ ਵਿੱਤੀ ਸੰਕਟ ਬਾਰੇ ਇੱਕ ਮੰਗ ਪੱਤਰ ਸੌਂਪਿਆ ਸੀ।
ਕਾਂਗਰਸ ਹਾਈਕਮਾਂਡ ਦੇ ਉੱਚ ਦਰਜੇ ਦੇ ਆਗੂਆਂ ਮੁਤਾਬਕ ਕੈਪਟਨ ਦੀ ਪੂਰੀ ਟੀਮ ਅਤੇ ਸਾਰੇ ਮੰਤਰੀਆਂ ਨੇ ਸਿੱਧੂ ਖ਼ਿਲਾਫ਼ ਹਾਈਕਮਾਂਡ ਨੂੰ ਪੱਤਰ ਲਿਖਿਆ ਸੀ ਕਿ ਜਦੋਂ ਸਿੱਧੂ ਵੱਖਰਾ ਚੱਲਦੇ ਸੀ ਓਦੋਂ ਕੈਪਟਨ ਹੀ ਸੀ.ਐਮ.ਸਨ। ਉਦੋਂ ਕੋਈ ਕਾਰਵਾਈ ਨਹੀਂ ਹੋਈ, ਹੁਣ ਕੀ ਹੋਵੇਗਾ? ਹੁਣ ਕਾਂਗਰਸ ਸੱਤਾ ਤੋਂ ਬਾਹਰ ਹੈ। ਨਾਜ਼ਰ ਸਿੰਘ ਮਾਨਸ਼ਾਹੀਆ ਸਮੇਤ ਸਿੱਧੂ ਧੜੇ ਦੇ ਪ੍ਰਮੁੱਖ ਆਗੂਆਂ ਦਾ ਕਹਿਣਾ ਹੈ ਕਿ ਬਾਜਵਾ ਸੂਬੇ ਦੀ ਮੌਜੂਦਾ ਸਰਕਾਰ ਦਾ ਟਾਕਰਾ ਕਰਨ ਲਈ ਪਿਛਲੇ ਮਹੀਨੇ ਇਕ ਵੀ ਰੈਲੀ ਕਰਨ ਵਿਚ ਨਾਕਾਮ ਰਹੇ ਹਨ। ਗੌਤਮ ਸੇਠ ਦਾ ਕਹਿਣਾ ਹੈ ਕਿ ਸਿੱਧੂ ਨੇ ਰੈਲੀ ਕਰ ਕੇ ਕੇਂਦਰ ਅਤੇ ਪੰਜਾਬ ਦੀ ‘ਆਪ’ ਸਰਕਾਰ ‘ਤੇ ਨਿਸ਼ਾਨਾ ਸਾਧਿਆ, ਪਰ ਬਾਜਵਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਸ ਦਾ ਦੁੱਖ ਕਿਉਂ ਹੋਇਆ? ਇਹ ਸਮਝ ਤੋਂ ਪਰੇ ਹੈ।