ਸਿਆਸੀ ਪਾਰਟੀਆਂ ਨੇ ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਪੰਜਾਬ ‘ਚ ਆਪ ਅਤੇ ਕਾਂਗਰਸ ਆਹਮੋ-ਸਾਹਮਣੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਲੁਧਿਆਣਾ ਵਿੱਚ ਚੰਨੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਦੇ ਹੋਏ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਹਮਲਾ ਬੋਲਿਆ।
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਲੁਧਿਆਣੇ ‘ਚ ਰੈਲੀ ਦੌਰਾਨ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਦੇ ਵਿੱਚ ਇੱਕ ਧਮਾਕੇਦਾਰ ਸਪੀਚ ਦਿੱਤੀ ਹੈ। ਸਿੱਧੂ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਮਾਡਲ, ਪੰਜਾਬ ਮਾਡਲ ਅੱਗੇ ਫੇਲ੍ਹ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਦੇ ਹਰ ਸਵਾਲ ਦਾ ਜਵਾਬ ਪੰਜਾਬ ਮਾਡਲ ਹੈ। ਸਿੱਧੂ ਨੇ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਪੁੱਛਿਆ ਕਿ ਕੀ ਤੁਸੀ ਕਿਸਾਨਾਂ ਨੂੰ ਬਿਜਲੀ ‘ਤੇ ਸਬਸਿਡੀ ਦਿੱਤੀ ਹੈ ? ਲੁਧਿਆਣਾ ‘ਚ ਸਿੱਧੂ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ 8000 ਕਰੋੜ ਰੁਪਏ ਦੀ ਸਬਸਿਡੀ ਦੇ ਰਹੇ ਹਾਂ। ਤੁਸੀਂ ਦੱਸੋ ਕਿ ਕਿਹੜਾ ਸੂਬਾ ਕਿਸਾਨਾਂ ਨੂੰ ਇੰਨੀ ਸਬਸਿਡੀ ਦੇ ਰਿਹਾ ਹੈ। ਅਰਵਿੰਦ ਕੇਜਰੀਵਾਲ ਨੂੰ ਪੁੱਛੋ ਕਿ ਉਹ ਕਿਸਾਨਾਂ ਨੂੰ ਕਿਹੜੀ ਸਬਸਿਡੀ ਦੇ ਰਹੇ ਹਨ। ਸਿੱਧੂ ਨੇ ਦਾਅਵਾ ਕੀਤਾ ਕਿ ਅਸੀਂ ਪੰਜਾਬ ‘ਚ ਇੰਡਸਟਰੀ ਨੂੰ ਵੀ ਦਿੱਲੀ ਨਾਲੋਂ ਸਸਤੀ ਬਿਜਲੀ ਦੇ ਰਹੇ ਹਨ।
ਨਵਜੋਤ ਸਿੰਘ ਸਿੱਧੂ ਦੀ ਸਪੀਚ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਅੱਜ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚੰਨੀ ਦੀਆਂ ਤਰੀਫਾਂ ਦੇ ਪੁੱਲ ਬੰਨ੍ਹੇ। ਨਵਜੋਤ ਸਿੱਧੂ ਨੇ CM ਚੰਨੀ ਦੀ ਤਾਰੀਫ ਕਰਦਿਆਂ ਕਿਹਾ ਕਿ “3 ਮਹੀਨਿਆਂ ‘ਚ ਜੋ ਕੰਮ ਹੋਇਆ ਹੈ, ਉਹ ਪਿਛਲੇ ਸਾਢੇ 4 ਸਾਲਾਂ ‘ਚ ਵੀ ਨਹੀਂ ਹੋਇਆ।” ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਸਰਕਾਰ ਬਣਾਉਣੀ ਹੈ ਤਾਂ ਲੋਕਾਂ ਨੂੰ ਆਪਣੇ ਨਾਲ ਜੋੜਨਾ ਪਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਹਰ ਵਰਕਰ ਜ਼ਰੂਰੀ ਹੈ। ਸਿੱਧੂ ਨੇ ਕਿਹਾ ਕਿ ਉਹ ਮੁੱਖ ਮੰਤਰੀ ਚੰਨੀ ਨਾਲ ਮਿਲ ਕੇ ਨਵਾਂ ਸਿਸਟਮ ਲੈ ਕੇ ਆਉਣਗੇ। ਪੰਜਾਬ ਵਿੱਚ ਕਾਂਗਰਸ ਦੀ ਹੀ ਸਰਕਾਰ ਬਣੇਗੀ।