ਪੰਜਾਬ ਦੀ ਸਿਆਸਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਅਜੇ ਵੀ ਜਾਰੀ ਹੈ। ਹਰ ਪਲ ਸਮੀਕਰਨ ਬਦਲ ਰਹੇ ਹਨ। ਹੁਣ ਨਵਜੋਤ ਸਿੱਧੂ ਨੇ ਆਪਣਾ ਅਸਤੀਫਾ ਵਾਪਿਸ ਲੈ ਲਿਆ ਹੈ। ਉਹ ਕਹਿ ਰਹੇ ਹਨ ਕਿ ਜਦੋਂ ਪੰਜਾਬ ਵਿੱਚ ਨਵਾਂ ਏਜੀ ਆਵੇਗਾ ਤਾਂ ਉਹ ਮੁੜ ਆਪਣੀ ਜ਼ਿੰਮੇਵਾਰੀ ਸੰਭਾਲ ਲੈਣਗੇ। ਕਾਂਗਰਸ ਵਿੱਚ ਮਚੇ ਬਵਾਲ ਦਰਮਿਆਨ ਸ਼ੁੱਕਰਵਾਰ ਨੂੰ ਸਿੱਧੂ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਵਾਪਿਸ ਲੈ ਲਿਆ।
ਸਿੱਧੂ ਨੇ ਕਿਹਾ ਕਿ ਜਦੋਂ ਪਾਰਟੀ ਦੇ ਨਵੇਂ ਐਡਵੋਕੇਟ ਜਨਰਲ ਆ ਜਾਣਗੇ ਤਾਂ ਮੈਂ ਖੁਦ ਆਪਣਾ ਅਸਤੀਫਾ ਆਫਿਸ ਜਾ ਕੇ ਵਾਪਿਸ ਲੈ ਲਵਾਂਗਾ। ਉਨ੍ਹਾਂ ਕਿਹਾ ਕਿ ਇਹ ਪਾਰਟੀ ਦੇ ਵੱਕਾਰ ਦਾ ਸਵਾਲ ਸੀ। ਆਵਾਜ਼ ਬੁਲੰਦ ਉਦੋਂ ਹੀ ਹੁੰਦੀ ਹੈ ਜਦੋਂ ਇਨਸਾਨ ਕੋਲ ਈਮਾਨਦਾਰੀ ਹੁੰਦੀ ਹੈ। ਅਸਤੀਫਾ ਦੇਣ ਤੋਂ ਬਾਅਦ ਵੀ ਲਗਾਤਾਰ ਸਿੱਧੂ ਚੰਨੀ ਸਰਕਾਰ ‘ਤੇ ਹਮਲਾਵਰ ਹੁੰਦੇ ਰਹੇ ਹਨ। ਉਨ੍ਹਾਂ ਬਿਜਲੀ ਸਸਤੀ ਕਰਨ ਨੂੰ ਲੈ ਕੇ ਵੀ ਆਪਣੀ ਹੀ ਸਰਕਾਰ ਉਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਸਰਕਾਰ ਦੇ ਬਿਜਲੀ ਸਸਤੀ ਦੇ ਫੈਸਲੇ ਲੋਕਾਂ ਨੂੰ ਲੁਭਾਉਣ ਵਾਲਾ ਲੌਲੀਪਾਪ ਕਰਾਰ ਦਿੱਤਾ ਸੀ।