ਰੋਡ ਰੇਜ ਮਾਮਲੇ ‘ਚ ਪਟਿਆਲਾ ਜੇਲ ‘ਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਇੱਕ ਵਾਰ ਫਿਰ ਆਪਣੇ ਵਿਵਹਾਰ ਨੂੰ ਲੈ ਕੇ ਸੁਰਖੀਆਂ ‘ਚ ਆ ਗਏ ਹਨ। ਉਨ੍ਹਾਂ ਨਾਲ ਬੈਰਕ ਵਿੱਚ ਬੰਦ ਕੈਦੀਆਂ ਨੇ ਕਿਹਾ ਕਿ ਸਿੱਧੂ ਉਨ੍ਹਾਂ ਨਾਲ ਬਦਸਲੂਕੀ ਕਰ ਰਹੇ ਹਨ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਜੇਲ੍ਹ ਪ੍ਰਸ਼ਾਸਨ ਨੂੰ ਕੀਤੀ ਹੈ। ਦੂਜੇ ਪਾਸੇ ਸਿੱਧੂ ਦਾ ਕਹਿਣਾ ਹੈ ਕਿ ਇਨ੍ਹਾਂ ਕੈਦੀਆਂ ਨੇ ਬਿਨਾਂ ਦੱਸੇ ਉਨ੍ਹਾਂ ਦੇ ਕਾਰਡ ਤੋਂ ਖਰੀਦਦਾਰੀ ਕੀਤੀ ਹੈ। ਹਾਲਾਂਕਿ ਸਥਿਤੀ ਨੂੰ ਦੇਖਦੇ ਹੋਏ ਜੇਲ ਪ੍ਰਸ਼ਾਸਨ ਨੇ ਸਿੱਧੂ ਨਾਲ ਬੰਦ ਕੈਦੀਆਂ ਦੀਆਂ ਬੈਰਕਾਂ ਨੂੰ ਬਦਲ ਦਿੱਤਾ ਹੈ। ਇਸ ਦੇ ਨਾਲ ਹੀ ਸਿੱਧੂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਵਿਵਹਾਰ ਨੂੰ ਲੈ ਕੇ ਲੱਗੇ ਦੋਸ਼ ਗਲਤ ਹਨ।
ਸਿੱਧੂ ਦੇ ਨਾਲ ਹੀ 5 ਹੋਰ ਕੈਦੀਆਂ ਨੂੰ ਬੰਦ ਕੀਤਾ ਗਿਆ ਸੀ। ਸਿੱਧੂ ਬੈਰਕ ਤੋਂ ਹੀ ਜੇਲ੍ਹ ਦਫ਼ਤਰ ਦਾ ਕੰਮ ਕਰਦੇ ਹਨ। ਸਿੱਧੂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਾਹਰ ਨਿਕਲਣ ਨਹੀਂ ਦਿੱਤਾ ਜਾ ਰਿਹਾ ਹੈ। ਜੇਕਰ ਸਿੱਧੂ ਨੇ ਕੋਈ ਸਾਮਾਨ ਮੰਗਵਾਉਣਾ ਹੁੰਦਾ ਹੈ ਤਾਂ ਉਹ ਆਪਣੇ ਨਾਲ ਬੰਦ ਹੋਰ ਕੈਦੀਆਂ ਤੋਂ ਮੰਗਵਾਂ ਲੈਂਦੇ ਹਨ। ਜੇਲ੍ਹ ਸੂਤਰਾਂ ਅਨੁਸਾਰ ਸਿੱਧੂ ਦਾ ਕਹਿਣਾ ਹੈ ਕਿ ਇਨ੍ਹਾਂ ਕੈਦੀਆਂ ਨੇ ਉਨ੍ਹਾਂ ਦੇ ਕਾਰਡ ਤੋਂ ਬਿਨਾਂ ਦੱਸੇ ਸਾਮਾਨ ਖਰੀਦਿਆ ਸੀ। ਉਨ੍ਹਾਂ ਦੇ ਕਾਰਡ ਦੀ ਸੀਮਾ ਘੱਟ ਹੈ, ਇਸ ਲਈ ਉਨ੍ਹਾਂ ਨੇ ਇਸ ‘ਤੇ ਇਤਰਾਜ਼ ਕੀਤਾ ਸੀ। ਇਸ ਦੇ ਨਾਲ ਹੀ ਕੈਦੀਆਂ ਦਾ ਕਹਿਣਾ ਹੈ ਕਿ ਸਿੱਧੂ ਨੇ ਉਨ੍ਹਾਂ ਨਾਲ ਬਦਸਲੂਕੀ ਨਾਲ ਗੱਲ ਕੀਤੀ ਸੀ। ਜਿਸ ਦੀ ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਸੀ।
ਇਸ ਵਿਵਾਦ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਸਿੱਧੂ ਨਾਲ ਬੰਦ 3 ਕੈਦੀਆਂ ਦੀਆਂ ਬੈਰਕਾਂ ਬਦਲ ਦਿੱਤੀਆਂ ਹਨ। ਹੁਣ ਉਨ੍ਹਾਂ ਦੇ ਨਾਲ ਸਿਰਫ 2 ਕੈਦੀ ਬਚੇ ਹਨ। ਇਸ ਦੀ ਪੁਸ਼ਟੀ ਕਰਦਿਆਂ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਕੁਝ ਕੈਦੀਆਂ ਦੀਆਂ ਬੈਰਕਾਂ ਬਦਲ ਦਿੱਤੀਆਂ ਗਈਆਂ ਹਨ। ਹਾਲਾਂਕਿ ਉਹ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦੇ। ਕੁਝ ਕੈਦੀਆਂ ਨੂੰ ਜੇਲ੍ਹ ਨਿਯਮਾਂ ਅਨੁਸਾਰ ਸਿੱਧੂ ਕੋਲ ਰੱਖਿਆ ਗਿਆ ਹੈ।