ਵੀਰਵਾਰ ਨੂੰ ਰਾਏਕੋਟ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵੱਡਾ ਵਾਅਦਾ ਕੀਤਾ ਹੈ। ਸਿੱਧੂ ਨੇ ਕਿਹਾ ਕਿ ਜੇ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣੀ ਤਾਂ ਦਾਲਾਂ ਅਤੇ ਤੇਲ ਬੀਜਾਂ ‘ਤੇ ਵੀ ਘੱਟੋ-ਘੱਟ ਸਮਰਥਨ ਮੁੱਲ (MSP) ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਮੇਰੀ ਅਤੇ ਚੰਨੀ ਦੀ ਦੋ ਬਲਦਾਂ ਦੀ ਜੋੜੀ ਹੈ। ਉਹ ਜਵਾਨੀ ਅਤੇ ਕਿਸਾਨੀ ਨੂੰ ਰਲ ਕੇ ਬਚਾਉਣਗੇ। ਕਿਸਾਨੀ ਪੰਜਾਬ ਮਾਡਲ ਨਾਲ ਹੀ ਸੁਧਰ ਸਕੇਗੀ।
ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੀ ਲੜਾਈ ਲੋਕਾਂ ਲਈ ਲੜੀ ਜਾਵੇਗੀ। ਹਰ ਪੰਜਾਬੀ ਨੂੰ ਸਿਆਸਤ ਦਾ ਹਿੱਸਾ ਬਣਨਾ ਪਵੇਗਾ। ਅਗਲੀ ਪੀੜ੍ਹੀ ਨੂੰ ਬਚਾਉਣ ਲਈ ਕਾਂਗਰਸ ਨੂੰ ਵੋਟ ਪਾਉਣੀ ਚਾਹੀਦੀ ਹੈ। ਸਿੱਧੂ ਨੇ ਕਿਹਾ ਕਿ ਉਹ ਵਾਅਦੇ ਨਹੀਂ ਕਰਦੇ, ਉਨ੍ਹਾਂ ਦੀ ਜ਼ੁਬਾਨ ਹੀ ਸਭ ਕੁੱਝ ਹੈ। ਨਾ ਤਾਂ ਉਹ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਂਦੇ ਨੇ ਅਤੇ ਨਾ ਹੀ ਲੋਕਾਂ ਨਾਲ ਝੂਠੇ ਵਾਅਦੇ ਕਰਦੇ ਨੇ। ਉਨ੍ਹਾਂ ਦੀ ਜ਼ੁਬਾਨ ਸੱਚੀ ਹੈ, ਇਸ ਲਈ ਉਹ ਆਪਣੀ ਹਰ ਗੱਲ ਪੂਰੀ ਕਰਨਗੇ। ਪੰਜਾਬ ਅੰਦਰੋਂ ਖੋਖਲਾ ਹੋ ਚੁੱਕਾ ਹੈ, ਇਸ ਨੂੰ ਸੁਧਾਰਨਾ ਪਵੇਗਾ। ਉਨ੍ਹਾਂ ਵੱਲੋਂ ਬਣਾਏ ਪੰਜਾਬ ਮਾਡਲ ਨਾਲ ਪੰਜਾਬ ਦੀ ਹਾਲਤ ਸੁਧਰੇਗੀ। ਇਸ ਤੋਂ ਇਲਾਵਾ ਸੂਬੇ ਵਿੱਚ ਐਮ.ਐਸ.ਪੀ. ਸਗੋਂ ਕਾਨੂੰਨ ਵੀ ਲਿਆਂਦਾ ਜਾਵੇਗਾ। ਦਾਲਾਂ ‘ਤੇ ਐਮ.ਐਸ.ਪੀ ਯਕੀਨੀ ਬਣਾਈ ਜਾਵੇਗੀ। ਕਿਸਾਨ ਆਪਣੀ ਫ਼ਸਲ ਨੂੰ ਸਰਕਾਰੀ ਗੋਦਾਮਾਂ ਵਿੱਚ ਸਟੋਰ ਕਰ ਸਕਣਗੇ।
ਸਿੱਧੂ ਨੇ ਕਿਹਾ ਕਿ ਪੰਜਾਬ ਚ ਚੋਰੀ ਰੋਕਣੀ ਪੈਣੀ ਹੈ ਅਤੇ ਖ਼ਜ਼ਾਨਾ ਭਰਨਾ ਪੈਣਾ ਹੈ, ਕਿਸਾਨੀ ਤੇ ਜਵਾਨੀ ਖੜ੍ਹੀ ਕਰਨੀ ਪੈਣੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਨੂੰ ਕਿਸੇ ਵੀ ਕੀਮਤ ‘ਤੇ ਰੁਲ੍ਹਣ ਨਹੀਂ ਦੇਵਾਂਗੇ ਅਤੇ ਪੰਜਾਬ ਮਾਡਲ ਹਰ ਹਾਲ ‘ਚ ਲਾਗੂ ਹੋ ਕੇ ਰਹੇਗਾ। ਨਵਜੋਤ ਸਿੱਧੂ ਨੇ ਕਿਹਾ ਕਿ ਮੱਕੀ ਦੀ ਫ਼ਸਲ ‘ਤੇ ਐੱਮ. ਐੱਸ. ਪੀ. 1600 ਰੁਪਏ ਹੈ ਪਰ ਕਿਸਾਨਾਂ ਨੂੰ ਮਾਰਕਿਟ ‘ਚ 800 ਰੁਪਏ ਮਿਲਦੇ ਹਨ। ਹੁਣ 800 ਰੁਪਿਆ ਕਿਸਾਨਾਂ ਨੂੰ ਪੰਜਾਬ ਸਰਕਾਰ ਦੇਵੇਗੀ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਦੇ ਕੇ ਆਤਮ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ‘ਚੋਂ ਰੇਤ, ਕੇਬਲ ਅਤੇ ਸ਼ਰਾਬ ਦੀ ਚੋਰੀ ਰੋਕਣੀ ਪਵੇਗੀ ਅਤੇ ਇਸ ਦੇ ਨਾਲ ਹੀ ਪੰਜਾਬ ਦਾ ਖਜ਼ਾਨਾ ਭਰੇਗਾ।