ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੱਧੂ ਨੂੰ ਵੱਡੀ ਰਾਹਤ ਮਿਲੀ ਹੈ। ਚੰਡੀਗੜ੍ਹ ਅਦਾਲਤ ਨੇ ਸਿੱਧੂ ਵਿਰੁੱਧ ਦਾਇਰ ਮਾਣਹਾਨੀ ਦੇ ਕੇਸ ਨੂੰ ਖਾਰਜ ਕਰ ਦਿੱਤਾ ਹੈ। ਇਹ ਕੇਸ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਚੰਦੇਲ ਨੇ ਦਰਜ ਕਰਵਾਇਆ ਸੀ। ਹਾਲਾਂਕਿ ਇਸ ਤੋਂ ਬਾਅਦ ਉਹ ਇਸ ਮਾਮਲੇ ‘ਚ ਪੇਸ਼ ਨਹੀਂ ਹੋਏ। ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੱਧੂ ਨੇ ਪੁਲਿਸ ਮੁਲਾਜ਼ਮਾਂ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਸਿੱਧੂ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਜਿੱਥੇ ਉਹ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਭੁਗਤ ਰਹੇ ਨੇ। ਨਵਜੋਤ ਸਿੱਧੂ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿੰਦੇ ਹਨ। ਮਾਰਚ ਵਿੱਚ ਹੋਈਆਂ ਚੋਣਾਂ ਤੋਂ ਪਹਿਲਾਂ ਪ੍ਰਚਾਰ ਦੌਰਾਨ ਸਿੱਧੂ ਸੁਲਤਾਨਪੁਰ ਲੋਧੀ ਪੁੱਜੇ ਸਨ। ਇੱਥੇ ਉਨ੍ਹਾਂ ਨੇ ਨਵਤੇਜ ਚੀਮਾ ਦੇ ਸਮਰਥਨ ਵਿੱਚ ਰੈਲੀ ਕੀਤੀ ਸੀ। ਇਸੇ ਦੌਰਾਨ ਸਿੱਧੂ ਨੇ ਕਿਹਾ ਕਿ ਜੇਕਰ ਚੀਮਾ ਨੇ ਦਬਕਾ ਮਾਰਿਆ ਤਾਂ ਥਾਣੇਦਾਰ ਪੇਂਟ ਗਿੱਲੀ ਕਰ ਲਵੇਗਾ।
ਸਿੱਧੂ ਦੇ ਇਸ ਬਿਆਨ ‘ਤੇ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਚੰਦੇਲ ਨੇ ਇਤਰਾਜ਼ ਜਤਾਇਆ ਸੀ। ਚੰਦੇਲ ਨੇ ਕਿਹਾ ਕਿ ਸਿੱਧੂ ਦੇ ਬਿਆਨ ਨਾਲ ਪੁਲਿਸ ਫੋਰਸ ਦਾ ਮਨੋਬਲ ਡਿੱਗਿਆ ਹੈ। ਜਦੋਂ ਇਹ ਗੱਲ ਕਹੀ ਗਈ ਤਾਂ ਸੁਰੱਖਿਆ ਲਈ ਕਾਫੀ ਪੁਲਿਸ ਮੁਲਾਜ਼ਮ ਮੌਜੂਦ ਸਨ। ਇਨ੍ਹਾਂ ਵਿੱਚ ਮਹਿਲਾ ਪੁਲੀਸ ਮੁਲਾਜ਼ਮ ਵੀ ਸਨ। ਸਿੱਧੂ ਦੀਆਂ ਗੱਲਾਂ ‘ਤੇ ਭੀੜ ਹੱਸ ਪਈ ਅਤੇ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮਾਮਲੇ ਵਿੱਚ ਨਵਜੋਤ ਸਿੱਧੂ ਤੋਂ ਵੀ ਸਵਾਲ ਪੁੱਛਿਆ ਗਿਆ ਸੀ ਕਿ ਉਨ੍ਹਾਂ ਨੇ ਪੁਲਿਸ ਬਾਰੇ ਇਤਰਾਜ਼ਯੋਗ ਗੱਲਾਂ ਕਿਉਂ ਕਹੀਆਂ ਸਨ। ਹਾਲਾਂਕਿ, ਸਿੱਧੂ ਨੇ ਕਿਹਾ ਕਿ ਇਹ ਆਮ ਤੌਰ ‘ਤੇ ਬੋਲਿਆ ਗਿਆ ਸੀ, ਕਿਸੇ ਖਾਸ ਲਈ ਨਹੀਂ। ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।