ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਹੁਣ ਪੰਜਾਬ ਕਾਂਗਰਸ ‘ਚ ਚੱਲ ਰਿਹਾ ਕਲੇਸ਼ ਖਤਮ ਹੁੰਦਾ ਜਾਪ ਰਿਹਾ ਹੈ। ਕਾਂਗਰਸ ਹਾਈ ਕਮਾਨ ਦੇ ਫੈਸਲੇ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਸਿੱਧੂ ਦੀ ਤਾਜਪੋਸ਼ੀ ਚੰਡੀਗੜ੍ਹ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹੋਈ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਟੇਜ ‘ਤੇ ਮੌਜੂਦ ਰਹੇ ਹਨ।
ਦਰਅਸਲ, ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦਿਆਂ ਹੀ ਨਵਜੋਤ ਸਿੰਘ ਸਿੱਧੂ ਐਕਸ਼ਨ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਬਣਦਿਆਂ ਹੀ ਦੇਸ਼ ਦੇ ਕਿਸਾਨਾਂ ਲਈ ਆਵਾਜ਼ ਚੁੱਕਦਿਆਂ ਕਿਹਾ ਕਿ ਅੱਜ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜੋ ਕਿ ਸਭ ਤੋਂ ਵੱਡਾ ਮੁੱਦਾ ਹੈ। ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ,“ਅੱਜ ਮੈਂ ਨਹੀਂ ਸਗੋਂ ਸਾਰੇ ਪੰਜਾਬ ਦੇ ਕਾਂਗਰਸੀ ਵਰਕਰ ਮੁਖੀ ਬਣ ਗਏ ਹਨ। ਪੰਜਾਬ ਦਾ ਕਿਸਾਨ ਦਿੱਲੀ ਬੈਠਾ ਹੈ। ਜਿਨ੍ਹਾਂ ਕਿਸਾਨਾਂ ਕਾਰਨ ਸਰਕਾਰਾਂ ਬਣਦੀਆਂ ਹਨ, ਉਹ ਦਿੱਲੀ ‘ਚ ਬੈਠਾ ਹੈ।” ਸਿੱਧੂ ਨੇ ਕਿਹਾ ਕਿ ਵਰਕਰਾਂ ਦੇ ਵਿਸ਼ਵਾਸ ਵਿੱਚ ਰੱਬ ਦੀ ਅਵਾਜ਼ ਹੈ, ਅਸੀਂ ਵਰਕਰਾਂ ਦੀ ਆਵਾਜ਼ ਸੁਣਾਂਗੇ । ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚੋਰਾਂ ਦੀ ਚੋਰੀ ਫੜ੍ਹੀ ਨਾ ਜਾਵੇ ਅਤੇ ਮਹਿੰਗੀ ਬਿਜਲੀ ਕਿਉਂ ਖਰੀਦੀ ਜਾਵੇ।
ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਕਿਹਾ ਕਿ ਮੇਰੇ ਲਈ ਕੋਈ ਅਹੁਦਾ ਮਸਲਾ ਨਹੀਂ ਰੱਖਦਾ । ਉਨ੍ਹਾਂ ਨੇ ਪੰਜਾਬ ਦੇ ਮਸਲੇ ਗਿਣਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦਾ ਮਸਲਾ ਹੈ, ਈ. ਟੀ. ਟੀ. ਅਧਿਆਪਕਾਂ ਤੇ ਨਰਸਾਂ ਦਾ ਮਸਲਾ ਹੈ, ਜਿਹੜੇ ਸੜਕਾਂ ’ਤੇ ਰੁੱਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਇਨ੍ਹਾਂ ਸਭ ਮਸਲਿਆਂ ਨੂੰ ਹੱਲ ਕਰਨ ਲਈ ਹੀ ਪ੍ਰਧਾਨ ਬਣੇ ਹਨ ਅਤੇ ਜੇਕਰ ਇਹ ਮਸਲੇ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਹੱਲ ਨਾ ਹੋਏ ਤਾਂ ਇਹ ਪ੍ਰਧਾਨਗੀ ਕਿਸ ਕੰਮ ਦੀ ।