ਅਫਗਾਨਿਸਤਾਨ ਦੇ ਨੌਜਵਾਨ ਕ੍ਰਿਕਟਰ ਨਵੀਨ-ਉਲ-ਹੱਕ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਨਵੀਨ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਵਿਸ਼ਵ ਕੱਪ 2023 ਤੋਂ ਬਾਅਦ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। ਨਵੀਨ ਨੇ ਸਿਰਫ 24 ਸਾਲ ਦੀ ਉਮਰ ‘ਚ ਸੰਨਿਆਸ ਲੈਣ ਦਾ ਫੈਸਲਾ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਨਵੀਨ ਨੇ ਆਪਣੀ ਇੱਕ ਇੰਸਟਾਗ੍ਰਾਮ ਪੋਸਟ ‘ਚ ਲਿਖਿਆ ਹੈ ਕਿ ਉਹ ਵਨਡੇ ਤੋਂ ਸੰਨਿਆਸ ਲੈ ਰਿਹਾ ਹੈ। ਪਰ ਟੀ-20 ਇੰਟਰਨੈਸ਼ਨਲ ‘ਚ ਅਫਗਾਨਿਸਤਾਨ ਲਈ ਖੇਡਣਾ ਜਾਰੀ ਰੱਖੇਗਾ। ਨਵੀਨ ਆਈਪੀਐਲ 2023 ਦੌਰਾਨ ਵਿਰਾਟ ਕੋਹਲੀ ਨਾਲ ਹੋਏ ਟਕਰਾਅ ਕਾਰਨ ਸੁਰਖੀਆਂ ਵਿੱਚ ਆਇਆ ਸੀ।
ਨਵੀਨ ਨੇ ਬੁੱਧਵਾਰ ਸ਼ਾਮ ਨੂੰ ਇੰਸਟਾਗ੍ਰਾਮ ‘ਤੇ ਇੱਕਪੋਸਟ ਸ਼ੇਅਰ ਕੀਤੀ। ਇਸ ‘ਚ ਨਵੀਨ ਨੇ ਵਨਡੇ ਤੋਂ ਸੰਨਿਆਸ ਲੈਣ ਦੀ ਗੱਲ ਕੀਤੀ। ਨਵੀਨ ਨੇ ਲਿਖਿਆ, ”ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਂ ਇਸ ਵਿਸ਼ਵ ਕੱਪ ਤੋਂ ਬਾਅਦ ਵਨਡੇ ਫਾਰਮੈਟ ਤੋਂ ਸੰਨਿਆਸ ਲੈ ਲਵਾਂਗਾ। ਹਾਲਾਂਕਿ ਮੈਂ ਆਪਣੇ ਦੇਸ਼ ਲਈ ਟੀ-20 ਕ੍ਰਿਕਟ ਖੇਡਦਾ ਰਹਾਂਗਾ। ਮੇਰੇ ਲਈ ਇਹ ਫੈਸਲਾ ਲੈਣਾ ਆਸਾਨ ਨਹੀਂ ਹੈ ਪਰ ਮੈਨੂੰ ਆਪਣੇ ਖੇਡ ਕਰੀਅਰ ਨੂੰ ਲੰਮਾ ਕਰਨ ਲਈ ਇਹ ਫੈਸਲਾ ਲੈਣਾ ਪਿਆ। ਮੈਂ ਅਫਗਾਨਿਸਤਾਨ ਕ੍ਰਿਕਟ ਬੋਰਡ ਦਾ ਧੰਨਵਾਦ ਕਰਨਾ ਚਾਹਾਂਗਾ ਅਤੇ ਆਪਣੇ ਸਾਰੇ ਪ੍ਰਸ਼ੰਸਕਾਂ ਦੇ ਸਮਰਥਨ ਅਤੇ ਅਟੁੱਟ ਪਿਆਰ ਲਈ ਧੰਨਵਾਦ ਕਰਨਾ ਚਾਹਾਂਗਾ।”
ਨਵੀਨ ਸਿਰਫ 24 ਸਾਲ ਦੇ ਹਨ ਅਤੇ ਅਫਗਾਨਿਸਤਾਨ ਲਈ 7 ਵਨਡੇ ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਨਵੀਨ ਨੇ 14 ਵਿਕਟਾਂ ਲਈਆਂ ਹਨ। ਨਵੀਨ ਦਾ ਸਰਵੋਤਮ ਵਨਡੇ ਪ੍ਰਦਰਸ਼ਨ ਇੱਕ ਮੈਚ ਵਿੱਚ 42 ਦੌੜਾਂ ਦੇ ਕੇ 4 ਵਿਕਟਾਂ ਲੈਣਾ ਰਿਹਾ ਹੈ। ਨਵੀਨ ਨੇ 27 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 34 ਵਿਕਟਾਂ ਲਈਆਂ ਹਨ। ਉਸ ਨੇ ਆਈਪੀਐਲ ਦੇ 8 ਮੈਚਾਂ ਵਿੱਚ 11 ਵਿਕਟਾਂ ਲਈਆਂ ਹਨ। ਨਵੀਨ ਲਖਨਊ ਸੁਪਰ ਜਾਇੰਟਸ ਦਾ ਖਿਡਾਰੀ ਹੈ। ਉਹ ਆਈਪੀਐਲ ਦੇ ਪਿਛਲੇ ਐਡੀਸ਼ਨ ਵਿੱਚ ਵਿਰਾਟ ਕੋਹਲੀ ਨਾਲ ਟਕਰਾਅ ਕਾਰਨ ਕਾਫੀ ਮਸ਼ਹੂਰ ਹੋਇਆ ਸੀ।