ਆਉਣ ਵਾਲੇ ਦਿਨਾਂ ‘ਚ ਨਿਊਜ਼ੀਲੈਂਡ ਸਰਕਾਰ ਤਾਜ਼ੇ ਫਲਾਂ ਅਤੇ ਸਬਜ਼ੀਆਂ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਸਕਦੀ ਹੈ। ਇਹ ਦਾਅਵਾ ਨੈਸ਼ਨਲ ਪਾਰਟੀ ਦੇ ਵਿੱਤ ਬੁਲਾਰੇ ਨਿਕੋਲਾ ਵਿਲਿਸ (Nicola Willis) ਦੇ ਵੱਲੋਂ ਕੀਤਾ ਗਿਆ ਹੈ। ਨਿਕੋਲਾ ਵਿਲਿਸ ਦਾ ਦਾਅਵਾ ਹੈ ਕਿ ਲੇਬਰ ਪਾਰਟੀ ਆਉਣ ਵਾਲੇ ਦਿਨਾਂ ‘ਚ ਤਾਜ਼ੇ ਫਲਾਂ ਅਤੇ ਸਬਜ਼ੀਆਂ ਤੋਂ ਜੀਐਸਟੀ ਹਟਾਉਣ ਲਈ ਟੈਕਸ ਨੀਤੀ ਦਾ ਐਲਾਨ ਕਰਨ ਲਈ ਤਿਆਰ ਹੈ। ਨਿਕੋਲਾ ਨੇ ਕਿਹਾ ਕਿ ਮਹਿੰਗਾਈ ਦੇ ਮੁੱਦੇ ਨੂੰ ਲੈਕੇ ਲੇਬਰ ਦਾ ਇਹ ਫੈਸਲਾ ਗਲਤ ਅਤੇ ਬੇਤੁਕਾ ਸਾਬਿਤ ਹੋਏਗਾ, ਕਿਉਂਕਿ ਜੀ ਐਸ ਟੀ ਹਟਾਏ ਜਾਣ ਦਾ ਫਾਇਦਾ ਆਮ ਨਿਊਜੀਲੈਂਡ ਵਾਸੀਆਂ ਨੂੰ ਨਹੀਂ, ਬਲਕਿ ਸੁਪਰਮਾਰਕੀਟਾਂ ਨੂੰ ਹੋਏਗਾ।
ਉਨ੍ਹਾਂ ਇਸ ਮੁੱਦੇ ‘ਤੇ ਬੋਲਦਿਆਂ ਅੱਗੇ ਕਿਹਾ ਕਿ, ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਵੀ ਇਸ ਪਾਲਸੀ ਦੇ ਗੰਭੀਰ ਪਹਿਲੂਆਂ ਨੂੰ ਦਰਕਿਨਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ PM ਪਾਲਸੀ ਨੂੰ ਐਲਾਨੇ ਜਾਣ ਦੀ ਇੰਤਜਾਰ ਵਿੱਚ ਹਨ ਅਤੇ ਇਹ ਸੱਚਮੁੱਚ ਹੀ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਲੇਬਰ ਸਰਕਾਰ ਟੈਕਸ ਦੇ ਮੁੱਦੇ ‘ਤੇ ਬਿਲਕੁਲ ਫੇਲ ਸਾਬਿਤ ਹੋ ਰਹੀ ਹੈ ਅਤੇ ਅਰਾਜਕਤਾ ਭਰੀ ਇਸ ਸਰਕਾਰ ਨੂੰ ਕੋਈ ਵੀ ਸਹੀ ਫੈਸਲਾ ਲੈਣਾ ਨਹੀਂ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ਨੂੰ ਮਹਿੰਗਾਈ ਦੇ ਮੂਲ ਚਾਲਕਾਂ ਨੂੰ ਹੱਲ ਕਰਨ, ਰਹਿਣ-ਸਹਿਣ ਦੀਆਂ ਲਾਗਤਾਂ ਨੂੰ ਘਟਾਉਣ ਅਤੇ ਆਮਦਨ ਵਧਾਉਣ ਲਈ ਇੱਕ ਸੁਮੇਲ ਯੋਜਨਾ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਦੀ ਨੀਤੀ ਨਿੱਜੀ ਆਮਦਨ ਟੈਕਸ ਨੂੰ ਘਟਾਉਣਾ ਹੈ।